ਆਪਣਾ ਪੰਜਾਬ ਮੀਡੀਆ : ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਅਤੇ ਸ਼੍ੋਮਣੀ ਅਕਾਲੀ ਦਲ-ਪੁਨਰ ਸੁਰਜੀਤ ਵਿਚਾਲੇ ਗੱਠਜੋੜ ਲਈ ਸ਼ੁਰੂ ਹੋਈ ਪ੍ਰਕਿਰਿਆ ਟੁੱਟ ਗਈ ਹੈ। ਇਸ ਮੰਤਵ ਨੂੰ ਲੈ ਕੇ ਦੋਵਾਂ ਜਥੇਬੰਦੀਆਂ ਵਿਚਾਲੇ ਕੁਝ ਸਮਾਂ ਪਹਿਲਾਂ ਇੱਕ ਅੱਠ ਮੈਂਬਰੀ ਪੰਥਕ ਏਕਤਾ ਤਾਲਮੇਲ ਕਮੇਟੀ ਬਣਾਈ ਗਈ ਸੀ। ਇਸ ਦਾ ਖੁਲਾਸਾ ਅੱਜ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵੱਲੋਂ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਦੇਸ਼-ਵਿਦੇਸ਼ ਵਿੱਚ ਵਸਦੀਆਂ ਸਿੱਖ ਸੰਗਤ ਦੀਆਂ ਭਾਵਨਾਵਾਂ ਅਤੇ ਪੰਥਕ ਏਕਤਾ ਨੂੰ ਮੁੱਖ ਰੱਖਦਿਆਂ ਦੋਵਾਂ ਧਿਰਾਂ ਵਿਚਾਲੇ ਪੰਥਕ ਏਕਤਾ ਲਈ ਯਤਨ ਸ਼ੁਰੂ ਕੀਤੇ ਗਏ ਸਨ। ਇਸ ਮੰਤਵ ਲਈ ਦੋਵਾਂ ਧਿਰਾਂ ਦੀ ਇੱਕ ਸਾਂਝੀ 8 ਮੈਂਬਰੀ ਪੰਥਕ ਏਕਤਾ ਤਾਲਮੇਲ ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਸ ਕਮੇਟੀ ਵੱਲੋਂ ਲਗਾਤਾਰ ਕਈ ਮੀਟਿੰਗਾਂ ਅਤੇ ਵਿਚਾਰ-ਵਟਾਂਦਰੇ ਕੀਤੇ ਗਏ, ਪਰ ਕੁਝ ਮੂਲ ਅਤੇ ਅਹਿਮ ਸਿਧਾਂਤਕ ਮੁੱਦਿਆਂ ’ਤੇ ਸਹਿਮਤੀ ਨਾ ਬਣ ਸਕਣ ਕਾਰਨ ਇਹ ਤਾਲਮੇਲ ਅੱਗੇ ਨਹੀਂ ਵੱਧ ਸਕਿਆ।
ਇਹ ਸਬੰਧ ਵਿੱਚ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀ ਚਾਰ ਮੈਂਬਰੀ ਤਾਲਮੇਲ ਕਮੇਟੀ ਦੇ ਮੈਂਬਰ ਬਾਬੂ ਸਿੰਘ ਬਰਾੜ, ਪਰਮਜੀਤ ਸਿੰਘ ਜੌਹਲ, ਪ੍ਰਗਟ ਸਿੰਘ ਰਈਆ ਅਤੇ ਰਛਪਾਲ ਸਿੰਘ ਸੋਸਣ ਨੇ ਕਿਹਾ ਕਿ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੀ ਸਪੱਸ਼ਟ ਭਾਵਨਾ ਹੈ ਕਿ ਪੰਥ ਅਤੇ ਪੰਜਾਬ ਦੀ ਅਗਵਾਈ ਸਿਰਫ਼ ਉਹੀ ਆਗੂ ਕਰਨ, ਜੋ ਪੰਥ ਪ੍ਰਵਾਨਿਤ, ਇਮਾਨਦਾਰ ਅਤੇ ਸਾਫ-ਸੁਥਰੇ ਅਕਸ ਵਾਲੇ ਹੋਣ।

