PESB12th Result: ਕਦੇ ਟਿਊਸ਼ਨ ਨਹੀਂ ਰੱਖੀ, ਪਾਇਲਟ ਬਣਨਾ ਚਾਹੁੰਦੀ ਹੈ ਬਾਰ੍ਹਵੀਂ ਦੀ ਟੌਪਰ ਸੁਪਨੀਤ ਕੌਰ

News Online
2 Min Read

ਆਪਣਾ ਪੰਜਾਬ ਮੀਡੀਆ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦੇ ਐਲਾਨੇ ਨਤੀਜਿਆਂ ਵਿੱਚ ਸੂਬੇ ਭਰ ’ਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਮਾਨਸਾ ਜ਼ਿਲ੍ਹੇ ਦੇ ਪਿੰਡ ਉਭਾ ਦੀ ਸੁਪਨੀਤ ਕੌਰ ਭਵਿੱਖ ਵਿੱਚ ਪਾਇਲਟ ਬਣਨਾ ਚਾਹੁੰਦੀ ਹੈ। ਇਸ ਤੋਂ ਪਹਿਲਾਂ ਉਸ ਦੇ ਦਸਵੀਂ ਦੀ ਪ੍ਰੀਖਿਆ ਵਿੱਚ 95 ਪ੍ਰਤੀਸ਼ਤ ਅੰਕ ਆਏ ਸਨ। ਸੁਪਨੀਤ ਕੌਰ ਤਲਵਾਰਬਾਜ਼ੀ ਦੀ ਵੀ ਚੋਟੀ ਦੀ ਖਿਡਾਰਨ ਹੈ।

ਗੁਰੂਕੁਲ ਅਕੈਡਮੀ ਦੇ ਪ੍ਰਿੰਸੀਪਲ ਹਰਪ੍ਰੀਤ ਸਿੰਘ ਪੁਰਵਾ ਅਤੇ ਸੁਭਾਸ਼ ਬਿੱਟੂ ਨੇ ਇਸ ਹੋਣਹਾਰ ਵਿਦਿਆਰਥੀ ਦਾ ਸਨਮਾਨ ਕੀਤਾ। ਮੱਧਵਰਗੀ ਪਰਿਵਾਰ ਨਾਲ ਸਬੰਧ ਰੱਖਦੀ ਸੁਪਨੀਤ ਦੇ ਪਿਤਾ ਰਾਜ ਸਿੰਘ ਪਿੰਡ ਉੱਭਾ ਵਿੱਚ ਇੱਕ ਅਕਾਦਮੀ ਚਲਾਉਂਦੇ ਹਨ। ਉਹ ਆਪਣੀ ਬੱਚੀ ਦੀ ਪ੍ਰਾਪਤੀ ਦਾ ਸਿਹਰਾ ਉਸ ਦੀ ਮਿਹਨਤ ਅਤੇ ਸਕੂਲ ਅਧਿਆਪਕਾਂ ਦੀ ਸੁਚੱਜੀ ਅਗਵਾਈ ਨੂੰ ਦਿੰਦੇ ਹਨ। ਉਨ੍ਹਾਂ ਮਾਣ ਮਹਿਸੂਸ ਕੀਤਾ ਕਿ ਉਨ੍ਹਾਂ ਦੀ ਧੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਚੰਗਾ ਮੁਕਾਮ ਹਾਸਲ ਕਰ ਰਹੀ ਹੈ।


 ਸਾਲ 2025 ਵਿੱਚ ਜੰਮੂ-ਕਸ਼ਮੀਰ ਵਿੱਚ ਹੋਈ ਕੌਮੀ ਤਲਵਾਰਬਾਜ਼ੀ ਚੈਂਪੀਅਨਸ਼ਿਪ ਵਿੱਚ ਵੀ ਸੁਪਨੀਤ ਨੇ ਮੈਡਲ ਜਿੱਤਿਆ ਸੀ, ਜਿਸ ਲਈ ਉਸ ਨੂੰ ਰਾਜ ਸਰਕਾਰ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਸੀ।
ਪਿਤਾ ਰਾਜ ਸਿੰਘ ਨੇ ਦੱਸਿਆ ਕਿ ਸੁਪਨੀਤ ਨੇ ਕਦੇ ਟਿਊਸ਼ਨ ਨਹੀਂ ਰੱਖੀ। ਉਸ ਨੇ ਦਿਨ-ਰਾਤ ਮਿਹਨਤ ਕਰਕੇ ਅੱਵਲ ਆਉਣ ਦਾ ਟੀਚਾ ਪੂਰਾ ਕੀਤਾ। ਸੁਪਨੀਤ ਦੀ ਮਾਤਾ ਇੱਕ ਆਂਗਨਵਾੜੀ ਵਰਕਰ ਹੈ।

ਮਾਪੇ ਇਸ ਗੱਲੋਂ ਖ਼ੁਸ਼ ਹਨ ਕਿ ਉਨ੍ਹਾਂ ਦੀ ਧੀ ਨੇ ਘਰ ਦੇ ਸਾਧਾਰਨ ਹਾਲਾਤ ਦੇ ਬਾਵਜੂਦ ਵੱਡੀ ਪ੍ਰਾਪਤੀ ਕੀਤੀ ਹੈ। ਮਾਨਸਾ ਦੀ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਵੀ ਸੁਪਨੀਤ ਦੀ ਪ੍ਰਾਪਤੀ ਦੀ ਸ਼ਲਾਘਾ ਕੀਤੀ ਤੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਵਧਾਈ ਦਿੱਤੀ।

Share This Article
Leave a Comment

Leave a Reply