ਆਪਣਾ ਪੰਜਾਬ ਮੀਡੀਆ : ਭਾਜਪਾ ਨੇ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਕਾਨੂੰਨੀ ਕਾਰਵਾਈ ਦਾ ਰਾਹ ਅਖ਼ਤਿਆਰ ਕੀਤਾ ਹੈ। ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪਰਾਧਿਕ ਮਾਣਹਾਨੀ ਦਾ ਨੋਟਿਸ ਭੇਜਿਆ ਹੈ। ਚੁੱਘ ਨੇ ਕਿਹਾ ਕਿ ਮੁੱਖ ਮੰਤਰੀ ਨੇ ਬਿਨਾਂ ਕਿਸੇ ਸਬੂਤ ਦੇ ਭਾਜਪਾ ’ਤੇ ਧਮਾਕਿਆਂ ਦੇ ਇਲਜ਼ਾਮ ਲਗਾਏ ਹਨ। ਮੁੱਖ ਮੰਤਰੀ ਮਾਨ ਨੇ ਸੋਮਵਾਰ ਰਾਤੀਂ ਜਲੰਧਰ ਅਤੇ ਅੰਮ੍ਰਿਤਸਰ ’ਚ ਉਪਰੋਥਲ਼ੀ ਹੋਏ ਧਮਾਕਿਆਂ ਦੇ ਹਵਾਲੇ ਨਾਲ ਬੁੱਧਵਾਰ ਨੂੰ ਕਿਹਾ ਸੀ ਕਿ ਭਾਜਪਾ ਨੇ ਅਜਿਹੇ ਹੱਥਕੰਡੇ ਵਰਤ ਕੇ ਪੰਜਾਬ ’ਚ ਚੋਣਾਂ ਦੀ ਤਿਆਰੀ ਵਿੱਢ ਦਿੱਤੀ ਹੈ। ਮੁੱਖ ਮੰਤਰੀ ਨੇ ਇਨ੍ਹਾਂ ਧਮਾਕਿਆਂ ਲਈ ਭਾਜਪਾ ਨੂੰ ਜ਼ਿੰਮੇਵਾਰ ਦੱਸਿਆ ਸੀ।
ਚੁੱਘ ਨੇ ਕਿਹਾ ਕਿ ਮੁੱਖ ਮੰਤਰੀ ਖ਼ਿਲਾਫ਼ ਅਪਰਾਧਿਕ ਮਾਣਹਾਨੀ, ਝੂਠੀ ਜਾਣਕਾਰੀ ਫੈਲਾਉਣ ਅਤੇ ਜਨਤਕ ਅਸ਼ਾਂਤੀ ਭੜਕਾਉਣ ਦੀ ਕੋਸ਼ਿਸ਼ ਦੇ ਮਾਮਲੇ ’ਚ ਨੋਟਿਸ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਮੁੱਖ ਮੰਤਰੀ 7 ਦਿਨਾਂ ਦੇ ਅੰਦਰ ਆਪਣਾ ਬਿਆਨ ਵਾਪਸ ਲੈ ਕੇ ਜਨਤਕ ਤੌਰ ’ਤੇ ਮੁਆਫ਼ੀ ਨਹੀਂ ਮੰਗਦੇ ਤਾਂ ਉਨ੍ਹਾਂ ਖ਼ਿਲਾਫ਼ ਅਪਰਾਧਿਕ ਅਤੇ ਸਿਵਲ, ਦੋਵੇਂ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਧਮਾਕਿਆਂ ਬਾਰੇ ਡੀ ਜੀ ਪੀ ਅਤੇ ਮੁੱਖ ਮੰਤਰੀ ਦੇ ਬਿਆਨ ਆਪਸ ’ਚ ਮੇਲ ਨਹੀਂ ਖਾਂਦੇ। ਪੁਲੀਸ ਇਸ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ ਦੱਸ ਰਹੀ ਹੈ ਜਦੋਂ ਕਿ ਮੁੱਖ ਮੰਤਰੀ ਆਪਣਾ ਸਿਆਸੀ ਏਜੰਡਾ ਚਲਾ ਰਹੇ ਹਨ। ਇਸ ਵੇਲੇ ਪੂਰਾ ਦੇਸ਼ ‘ਅਪ੍ਰੇਸ਼ਨ ਸਿੰਧੂਰ’ ਦੀ ਵਰ੍ਹੇਗੰਢ ’ਤੇ ਫ਼ੌਜ ਦੇ ਬਹਾਦਰੀ ਦੇ ਜਸ਼ਨ ਮਨਾ ਰਿਹਾ ਹੈ ਪਰ ਮੁੱਖ ਮੰਤਰੀ ਭਾਜਪਾ ਨੂੰ ਧਮਾਕਿਆਂ ਨਾਲ ਜੋੜ ਕੇ ਸਿਆਸੀ ਝੂਠ ਬੋਲ ਰਹੇ ਹਨ।

