ਆਪਣਾ ਪੰਜਾਬ ਮੀਡੀਆ : ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਰਕਾਰ ਉਨ੍ਹਾਂ ਨੂੰ ਸਿੱਧੂ ਮੂਸੇਵਾਲ ਵਾਂਗ ਸੁਰੱਖਿਆ ਘਟਾ ਕੇ ਮਰਵਾਉਣਾ ਚਾਹੁੰਦੀ ਹੈ। ਉਨ੍ਹਾਂ ਨੂੰ 7 ਦਿਨਾਂ ਵਿੱਚ ਤਿੰਨ ਵਾਰ ਧਮਕੀ ਭਰੇ ਫੋਨ ਆ ਚੁੱਕੇ ਹਨ ਪਰ ਸਰਕਾਰ ਜਾਣ-ਬੁੱਝ ਕੇ ਉਨ੍ਹਾਂ ਦੀ ਸੁਰੱਖਿਆ ਘਟਾ ਰਹੀ ਹੈ। ਸ੍ਰੀ ਮਜੀਠੀਆ ਅੱਜ ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਖ਼ਿਲਾਫ਼ ਦਾਇਰ ਕੀਤੇ ਮਾਣਹਾਨੀ ਕੇਸ ਵਿੱਚ ਵਕੀਲਾਂ ਸਣੇ ਅਦਾਲਤ ਵਿੱਚ ਪੇਸ਼ ਹੋਏ, ਪਰ ਸੰਜੇ ਸਿੰਘ ਪੇਸ਼ ਨਹੀਂ ਹੋ ਸਕੇ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 19 ਮਈ ਦੀ ਤਰੀਕ ਤੈਅ ਕੀਤੀ ਹੈ।
ਅਦਾਲਤੀ ਕਾਰਵਾਈ ਤੋਂ ਬਾਅਦ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ 7 ਦਿਨਾਂ ਵਿੱਚ ਉਨ੍ਹਾਂ ਨੂੰ ਤਿੰਨ ਵਾਰ ਲਾਰੈਂਸ ਗੈਂਗ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਹਨ। ਸਾਰਾ ਮਾਮਲਾ ਡੀ ਜੀ ਪੀ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ, ਪਰ ਉਨ੍ਹਾਂ ਨੂੰ ਸੁਰੱਖਿਆ ਨਹੀਂ ਦਿੱਤੀ ਜਾ ਰਹੀ। ਆਈ ਬੀ ਦੀ ਰਿਪੋਰਟ ਹੋਣ ਦੇ ਬਾਵਜੂਦ ਸਰਕਾਰ ਉਨ੍ਹਾਂ ਦੀ ਸੁਰੱਖਿਆ ਲਈ ਲਾਪਰਵਾਹੀ ਵਰਤ ਰਹੀ ਹੈ। ਦੂਜੇ ਪਾਸੇ, ਆਮ ਆਦਮੀ ਪਾਰਟੀ ਦਾ ਲੀਗਲ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਆਕਾਸ਼ ਬਜਾਜ ਅਤੇ ਸਕੱਤਰ ਕਮਲਜੀਤ ਸਿੰਘ ਆਨੰਦ ਨੇ ਦੱਸਿਆ ਕਿ ਇਹ ਕੇਸ 19 ਮਈ ਨੂੰ ਏ ਸੀ ਜੇ ਐੱਮ ਦੀ ਅਦਾਲਤ ਵਿੱਚ ਅੰਤਿਮ ਬਹਿਸ ਲਈ ਸੂਚੀਬੱਧ ਕੀਤਾ ਗਿਆ ਹੈ।

