ਆਪਣਾ ਪੰਜਾਬ ਮੀਡੀਆ : ਕਿਤੇ ਅੱਜ ਧਨੀ ਰਾਮ ਚਾਤ੍ਰਿਕ ਪੰਜਾਬ ਦੀ ਕਿਸਾਨੀ ਨੂੰ ਤੱਕਦਾ ਤਾਂ ਕਦੇ ਨਾ ਲਿਖਦਾ- ‘ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।’ ਜਿਨ੍ਹਾਂ ਦੀ ਪੈਲੀ ਜੋਬਨ ਰੁੱਤੇ ਮਰ ਗਈ, ਉਹ ਕਿਸ ਹੌਸਲੇ ਦਮਾਮੇ ਮਾਰਨ! ਵਿਸਾਖ ਮਹੀਨੇ ਪੱਕੀ ਕਣਕ ’ਤੇ ਹੋਈ ਗੜੇਮਾਰੀ ਨੂੰ ਝੱਲ ਰਿਹਾ ਕਿਸਾਨ ਕਿਵੇਂ ਦਮਾਮੇ ਜਾਣ ਦਾ ਦਮ ਭਰੇ? ਐਤਕੀਂ ਵਿਸਾਖ ਮਹੀਨਾ ਚੜ੍ਹਨ ਤੋਂ ਪਹਿਲਾਂ ਹੀ ਪੈਲੀਆਂ ’ਤੇ ਮੀਂਹ ਚੜ੍ਹ ਆਇਆ। ਹੁਣ ਤੱਕ 1.30 ਲੱਖ ਏਕੜ ਫ਼ਸਲ ਨੁਕਸਾਨੀ ਗਈ ਹੈ।
ਕੇਂਦਰੀ ਟੀਮ ਅੱਜ ਬੁੱਝੀਆਂ ਪੈਲੀਆਂ ਤੇ ਬੁਝੇ ਚਿਹਰੇ ਦੇਖ ਕੇ ਅਨੁਮਾਨ ਲਗਾਏਗੀ ਕਿ ਝੱਖੜ ਕਿੰਨਾ ਕੁ ਝੁੱਲਿਆ ਹੈ। ਪਿਛਲੇ ਵਰ੍ਹੇ ਹੜ੍ਹਾਂ ਦੀ ਮਾਰ ਵਿੱਚ ਛੇ ਲੱਖ ਏਕੜ ਤੋਂ ਵੱਧ ਪੈਲੀ ਰੁੜ੍ਹ ਗਈ। ਮੁਕਤਸਰ ਅਤੇ ਫ਼ਾਜ਼ਿਲਕਾ ਦੇ ਹਜ਼ਾਰਾਂ ਕਿਸਾਨਾਂ ਦੇ ਘਰਾਂ ਵਿੱਚ ਉਦਾਸੀ ਛਾਈ ਹੋਈ ਹੈ। ਕਣਕਾਂ ਦਾ ਰੰਗ ਕਿਤੇ ਸੁਨਹਿਰੀ ਹੈ ਅਤੇ ਕਿਤੇ ਮੀਂਹਾਂ ਨੇ ਕਾਲਾ ਪਾ ਦਿੱਤਾ ਹੈ। ਜਿਨ੍ਹਾਂ ਘਰਾਂ ’ਚ ਵਿਸਾਖ ਮਹੀਨੇ ਵਿੱਚ ਖ਼ੁਦਕੁਸ਼ੀ ਦਾ ਸੁਨੇਹਾ ਆਇਆ, ਉਨ੍ਹਾਂ ਦੇ ਜ਼ਖ਼ਮ ਵਿਸਾਖੀ ਮੁੜ ਹਰੇ ਕਰ ਦਿੰਦੀ ਹੈ। ਵਿਸਾਖ ਮਹੀਨੇ ਤੋਂ ਪਹਿਲਾਂ ਫ਼ਰੀਦਕੋਟ ਦੇ ਪਿੰਡ ਹਰੀ ਨੌ ਦੇ ਸਕੇ ਭਰਾ ਜਸਵਿੰਦਰ ਸਿੰਘ ਤੇ ਜਸਕਰਨ ਸਿੰਘ ਸ਼ੂਕਦੀ ਗੱਡੀ ਅੱਗੇ ਕੁੱਦ ਕੇ ਖ਼ੁਦਕੁਸ਼ੀ ਕਰ ਗਏ ਸਨ। ਬਠਿੰਡਾ ਦੇ ਪਿੰਡ ਗਹਿਰੀ ਬਾਰਾ ਸਿੰਘ ਦਾ ਕਿਸਾਨ ਜਗਸੀਰ ਸਿੰਘ ਅੱਜ ਤੋਂ ਸੱਤ ਸਾਲ ਪਹਿਲਾਂ ਵਿਸਾਖੀ ਵਾਲੇ ਦਿਨ ਦਮਦਮਾ ਗਿਆ, ਮੱਥਾ ਟੇਕਿਆ ਤੇ ਘਰ ਆ ਕੇ ਖ਼ੁਦਕੁਸ਼ੀ ਕਰ ਲਈ। ਜਗਸੀਰ ਦੇ ਪਰਿਵਾਰ ਦੇ ਕਲੇਜੇ ਵਿਸਾਖੀ ਦਿਹਾੜਾ ਧੂਹ ਪਾਉਂਦਾ ਹੈ।

