ਆਪਣਾ ਪੰਜਾਬ ਮੀਡੀਆ : ਕੇਂਦਰੀ ਮੰਤਰੀ ਮੰਡਲ ਨੇ ਪੱਛਮੀ ਏਸ਼ੀਆ ’ਚ ਜਾਰੀ ਤਣਾਅ ਕਾਰਨ ਆਲਮੀ ਕੀਮਤਾਂ ’ਚ ਵਾਧੇ ਤੋਂ ਕਿਸਾਨਾਂ ਨੂੰ ਰਾਹਤ ਦੇਣ ਲਈ ਹਾੜ੍ਹੀ ਸੀਜ਼ਨ 2026 ਲਈ ਫਾਸਫੈਟਿਕ ਤੇ ਪੋਟਾਸ਼ (ਪੀ ਐਂਡ ਕੇ) ਖਾਦਾਂ ’ਤੇ ਸਬਸਿਡੀ 12 ਫ਼ੀਸਦ ਵਧਾ ਕੇ 41,534 ਕਰੋੜ ਰੁਪਏ ਕਰ ਦਿੱਤੀ ਹੈ। ਪਿਛਲੇ ਹਾੜ੍ਹੀ ਸੀਜ਼ਨ ’ਚ ਸਰਕਾਰ ਨੇ ਇਨ੍ਹਾਂ ਖਾਦਾਂ ’ਤੇ 37,216 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਸੀ।
ਸੂਚਨਾ ਤੇ ਪ੍ਰਸਾਰਨ ਮੰਤਰੀ ਅਸ਼ਵਨੀ ਵੈਸ਼ਨਵ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਅੱਜ ਹੋਈ ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ ਦੀ ਮੀਟਿੰਗ ’ਚ ਇਹ ਫ਼ੈਸਲਾ ਲਿਆ ਗਿਆ ਹੈ। ਇਹ ਖਾਦ ਸਬਸਿਡੀ ਪਹਿਲੀ ਅਪਰੈਲ ਤੋਂ 30 ਸਤੰਬਰ 2026 ਤੱਕ ਦੀ ਮਿਆਦ ਲਈ ਲਾਗੂ ਰਹੇਗੀ। ਕੇਂਦਰੀ ਮੰਤਰੀ ਮੰਡਲ ਨੇ ਜੈਪੁਰ ਮੈਟਰੋ ਪ੍ਰਾਜੈਕਟ ਦੇ ਦੂਜੇ ਗੇੜ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਇਸ ਪ੍ਰਾਜੈਕਟ ਤਹਿਤ 41 ਕਿਲੋਮੀਟਰ ਲੰਮੀ ਲਾਈਨ ਵਿਛਾਈ ਜਾਵੇਗੀ ਜਿਸ ਵਿੱਚ 36 ਸਟੇਸ਼ਨ ਸ਼ਾਮਲ ਹੋਣਗੇ ਅਤੇ ਇਸ ਦੀ ਕੁੱਲ ਲਾਗਤ 13 ਹਜ਼ਾਰ ਕਰੋੜ ਰੁਪਏ ਤੋਂ ਵੱਧ ਹੋਵੇਗੀ। ਮੀਟਿੰਗ ਦੌਰਾਨ ਅਰੁਣਾਚਲ ਪ੍ਰਦੇਸ਼ ’ਚ ਦੋ ਅਹਿਮ ਪਣਬਿਜਲੀ ਪ੍ਰਾਜੈਕਟਾਂ ਦੇ ਨਿਰਮਾਣ ਲਈ ਕੁੱਲ 40,150 ਕਰੋੜ ਰੁਪਏ ਦੇ ਨਿਵੇਸ਼ ਨੂੰ ਮਨਜ਼ੂਰੀ ਦਿੱਤੀ ਗਈ ਹੈ। ਸਰਕਾਰ ਨਵਿਆਉਣਯੋਗ ਊਰਜਾ ਦੇ ਵਿਕਾਸ ਤੇ ਖੇਤਰੀ ਬੁਨਿਆਦੀ ਢਾਂਚੇ ਨੂੰ ਗਤੀ ਦੇਣ ਲਈ ਇਹ ਕਦਮ ਚੁੱਕ ਰਹੀ ਹੈ। ਇਸ ਪ੍ਰਾਜੈਕਟ ਦੇ ਨਿਰਮਾਣ ਦੀ ਅਨੁਮਾਨਤ ਮਿਆਦ ਅੱਠ ਸਾਲ ਹੈ।

