ਆਪਣਾ ਪੰਜਾਬ ਮੀਡੀਆ : ਪਿਛਲੇ ਹਫ਼ਤੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਹਰੀਨੌ ਦੇ ਦੋ ਸਕੇ ਭਰਾਵਾਂ ਨੇ ਕਰਜ਼ੇ ਤੋਂ ਤੰਗ ਆ ਕੇ ਰੇਲਗੱਡੀ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ ਸੀ। ਇਸ ਪੀੜਤ ਕਿਸਾਨ ਪਰਿਵਾਰ ਨੂੰ ਇਨਸਾਫ਼ ਦਿਵਾਉਣ ਅਤੇ ਕਸੂਰਵਾਰ ਬੈਂਕ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਅੱਜ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਦੀ ਅਗਵਾਈ ਹੇਠ ਇੱਥੇ ਬੈਂਕ ਦੇ ਡਿਵੀਜ਼ਨਲ ਦਫ਼ਤਰ ਸਾਹਮਣੇ ਰੋਸ ਧਰਨਾ ਦਿੱਤਾ ਗਿਆ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਹਰੀਨੌ ਦੇ ਖੁਦਕੁਸ਼ੀ ਕਰਨ ਵਾਲੇ ਸਕੇ ਭਰਾਵਾਂ ਨੂੰ ਇਨਸਾਫ ਦਿਵਾਉਣ ਲਈ ਲੈਂਡ ਮਾਰਗੇਜ ਬੈਂਕ ਅੱਗੇ ਧਰਨਾ ਦਿੱਤਾ ਅਤੇ ਮੰਗ ਕੀਤੀ ਕਿ ਮਿਹਨਤੀ ਕਿਸਾਨਾਂ ਦੀ ਜ਼ਿੰਦਗੀ ਨਾਲ ਖੇਡਣ ਵਾਲੇ ਬੈਂਕ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ। ਰੋਸ ਪ੍ਰਦਰਸ਼ਨ ਮੌਕੇ ਕਿਸਾਨ ਆਗੂ ਬੋਹੜ ਸਿੰਘ ਰੁਪਈਆਂ ਵਾਲਾ, ਇੰਦਰਜੀਤ ਸਿੰਘ ਘਣੀਆ, ਗੁਰਦਿੱਤਾ ਸਿੰਘ, ਤੇਜਾ ਸਿੰਘ, ਜਿੰਦਰ ਸਿੰਘ, ਸੁਖਚਰਨ ਸਿੰਘ, ਰਾਜਵੀਰ ਸਿੰਘ ਆਦਿ ਵੀ ਹਾਜ਼ਰ ਸਨ।

