ਆਪਣਾ ਪੰਜਾਬ ਮੀਡੀਆ : ਪੰਜਾਬ ਦੇ ਸਾਬਕਾ ਮੁੱਖ ਨਗਰ ਯੋਜਨਾਕਾਰਾਂ (CTPs) ਦੇ ਇਕ ਸਮੂਹ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸ੍ਰੀ ਆਨੰਦਪੁਰ ਸਾਹਿਬ, ਦਮਦਮਾ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੇ ਖੇਤਰਾਂ ਨੂੰ ਵਿਸ਼ਵ ਪੱਧਰੀ ਅਧਿਆਤਮਿਕ ਅਤੇ ਸੱਭਿਆਚਾਰਕ ਕੇਂਦਰਾਂ ਵਿੱਚ ਤਬਦੀਲ ਕਰਨ ਲਈ ਇਕ ਵਿਸ਼ੇਸ਼ ਖੇਤਰੀ ਯੋਜਨਾ ਤਿਆਰ ਕੀਤੀ ਜਾਵੇ।
ਗੁਰੂ ਰਾਮਦਾਸ ਸਕੂਲ ਆਫ਼ ਪਲਾਨਿੰਗ (GNDU) ਦੇ ਸਾਬਕਾ ਮੁਖੀ ਮਨਜੀਤ ਸਿੰਘ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨਾਲ ਜੁੜੇ ਇਹ ਪਵਿੱਤਰ ਸਥਾਨ ਇਕ ਦੂਰਅੰਦੇਸ਼ੀ ਅਤੇ ਵਿਸਤ੍ਰਿਤ ਯੋਜਨਾ ਦੀ ਮੰਗ ਕਰਦੇ ਹਨ, ਜੋ ਸਿਰਫ਼ ਪਾਬੰਦੀਆਂ ਤੱਕ ਸੀਮਤ ਨਾ ਰਹੇ ਸਗੋਂ ਸ਼ਹਿਰਾਂ ਦੀ ਪੂਰੀ ਰੂਪ-ਰੇਖਾ ਨੂੰ ਨਵਾਂ ਰੂਪ ਦੇਵੇ।
ਮਾਹਿਰਾਂ ਨੇ ਸੁਝਾਅ ਦਿੱਤਾ ਕਿ Punjab Regional and Town Planning and Development Act, 1995 ਦੇ ਤਹਿਤ ਐਸੀ ਯੋਜਨਾ ਬਣਾਈ ਜਾਵੇ ਜਿਸ ਵਿੱਚ ਬੁਨਿਆਦੀ ਢਾਂਚੇ ਦਾ ਵਿਕਾਸ, ਸ਼ਹਿਰੀ ਸੁਧਾਰ, ਸੈਰ-ਸਪਾਟੇ ਨੂੰ ਉਤਸ਼ਾਹ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ’ਤੇ ਖ਼ਾਸ ਧਿਆਨ ਦਿੱਤਾ ਜਾਵੇ।
ਸਾਬਕਾ ਸੀ.ਟੀ.ਪੀ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਹੋਏ ਸੁੰਦਰੀਕਰਨ ਨਾਲ ਕਾਫ਼ੀ ਬਦਲਾਅ ਆਇਆ ਹੈ। ਉਨ੍ਹਾਂ ਕਿਹਾ ਕਿ 1999 ਵਿੱਚ ਖਾਲਸਾ ਸਾਜਨਾ ਦਿਵਸ ਦੀ 300ਵੀਂ ਵਰ੍ਹੇਗੰਢ ਮੌਕੇ ਆਨੰਦਪੁਰ ਸਾਹਿਬ ਵਿੱਚ ਵਿਰਾਸਤ-ਏ-ਖਾਲਸਾ ਵਰਗੇ ਵੱਡੇ ਪ੍ਰੋਜੈਕਟਾਂ ਨੇ ਸ਼ਹਿਰ ਦੀ ਨੁਹਾਰ ਬਦਲੀ ਸੀ ਅਤੇ ਅਜਿਹਾ ਹੀ ਵਿਕਾਸ ਹੋਰ ਧਾਰਮਿਕ ਕੇਂਦਰਾਂ ’ਚ ਵੀ ਕੀਤਾ ਜਾ ਸਕਦਾ ਹੈ।
ਮਾਹਿਰਾਂ ਨੇ ਇਹ ਵੀ ਜ਼ੋਰ ਦਿੱਤਾ ਕਿ ਪਵਿੱਤਰ ਸ਼ਹਿਰਾਂ ਦੀ ਅਸਲੀਅਤ ਅਤੇ ਇਤਿਹਾਸਕ ਵਿਰਾਸਤ ਨੂੰ ਸੁਰੱਖਿਅਤ ਰੱਖਦਿਆਂ ‘ਪਲੱਗ ਐਂਡ ਪਲੇ’ ਉਦਯੋਗਿਕ ਅਤੇ ਵਪਾਰਕ ਜ਼ੋਨ ਵਿਕਸਿਤ ਕੀਤੇ ਜਾਣ ਤਾਂ ਜੋ ਸੂਬੇ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਬਣ ਸਕਣ।
ਇਸ ਤੋਂ ਇਲਾਵਾ, ਮਾਹਿਰਾਂ ਨੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀਆਂ ਸਰਕਾਰਾਂ ਨੂੰ ਸਾਂਝੇ ਤੌਰ ’ਤੇ ਗੁਰੂ ਕਾ ਲਾਹੌਰ ਅਤੇ ਨੈਣਾ ਦੇਵੀ ਵਰਗੇ ਇਤਿਹਾਸਕ ਧਾਰਮਿਕ ਸਥਾਨਾਂ ਦੇ ਵਿਕਾਸ ਅਤੇ ਪੁਨਰਜਾਗਰਣ ਲਈ ਵੀ ਯਤਨ ਕਰਨ ਦੀ ਅਪੀਲ ਕੀਤੀ ਹੈ।

