ਆਪਣਾ ਪੰਜਾਬ ਮੀਡੀਆ : ਆਈ.ਡੀ.ਐਫ.ਸੀ (IDFC) ਫਰਸਟ ਬੈਂਕ ਵਿਚ 83 ਕਰੋੜ ਰੁਪਏ ਦੇ ਧੋਖਾਧੜੀ ਮਾਮਲੇ ਵਿੱਚ ਕਾਰਵਾਈ ਕਰਦਿਆਂ ਚੰਡੀਗੜ੍ਹ ਪੁਲੀਸ ਨੇ ਕ੍ਰੈਸਟ (ਚੰਡੀਗੜ੍ਹ ਰਿਨਿਊਏਬਲ ਐਨਰਜੀ ਸਾਇੰਸ ਐਂਡ ਟੈਕਨਾਲੋਜੀ ਪ੍ਰਮੋਸ਼ਨ ਸੁਸਾਇਟੀ) ਦੇ ਪ੍ਰਾਜੈਕਟ ਡਾਇਰੈਕਟਰ ਸੁਖਵਿੰਦਰ ਅਬਰੋਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਕ੍ਰੈਸਟ ਦੇ ਫੰਡਾਂ ਦਾ ਇੱਕ ਵੱਡਾ ਹਿੱਸਾ ਫਰਜ਼ੀ ਕੰਪਨੀਆਂ (ਸ਼ੈੱਲ ਫਰਮਾਂ) ਰਾਹੀਂ ਅਬਰੋਲ ਦੇ ਨਿੱਜੀ ਬੈਂਕ ਖਾਤਿਆਂ ਅਤੇ ਉਸ ਦੇ ਰਿਸ਼ਤੇਦਾਰਾਂ ਤੇ ਸਾਥੀਆਂ ਦੇ ਖਾਤਿਆਂ ਵਿੱਚ ਭੇਜਿਆ ਗਿਆ ਸੀ। ਇਸ ਗ੍ਰਿਫ਼ਤਾਰੀ ਤੋਂ ਬਾਅਦ ਅਦਾਲਤ ਨੇ ਸੁਖਵਿੰਦਰ ਅਬਰੋਲ ਨੂੰ ਪੰਜ ਦਿਨਾਂ ਦੇ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ ਹੈ ਤਾਂ ਕਿ ਪੈਸੇ ਦੇ ਪੂਰੇ ਲੈਣ-ਦੇਣ ਅਤੇ ਹੋਰ ਮੁਲਾਜ਼ਮਾਂ ਦੀ ਸ਼ਮੂਲੀਅਤ ਦਾ ਪਤਾ ਲਗਾਇਆ ਜਾ ਸਕੇ।
ਇਸ ਮਾਮਲੇ ਦੀ ਐਫ.ਆਈ.ਆਰ 12 ਮਾਰਚ 2026 ਨੂੰ ਕ੍ਰੈਸਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਦੀ ਸ਼ਿਕਾਇਤ ‘ਤੇ ਦਰਜ ਕੀਤੀ ਗਈ ਸੀ, ਜਿਸ ਵਿੱਚ ਕੁੱਲ 83,04,85,582 ਰੁਪਏ ਦੀ ਠੱਗੀ ਦਾ ਜ਼ਿਕਰ ਹੈ। ਪੁਲੀਸ ਜਾਂਚ ਅਨੁਸਾਰ ਆਈ.ਡੀ.ਐਫ.ਸੀ ਬੈਂਕ ਦੇ ਸਾਬਕਾ ਬ੍ਰਾਂਚ ਮੈਨੇਜਰ ਰਿਭਵ ਰਿਸ਼ੀ ਨੇ ਸੁਸਾਇਟੀ ਦੇ ਅਧਿਕਾਰੀਆਂ ਨਾਲ ਮਿਲ ਕੇ ਕ੍ਰੈਸਟ ਦੇ ਖਾਤੇ ਖੋਲ੍ਹੇ ਸਨ, ਜਿਨ੍ਹਾਂ ਵਿੱਚ ਲਗਪਗ 75 ਕਰੋੜ ਰੁਪਏ ਜਮ੍ਹਾ ਸਨ। ਇਸ ਰਕਮ ਨੂੰ ਹੜੱਪਣ ਲਈ ਤਿੰਨ ਫਰਜ਼ੀ ਕੰਪਨੀਆਂ—ਕੈਪਕੋ ਫਿਨਟੈਕ, ਆਰ.ਐਸ ਟਰੇਡਰਜ਼ ਅਤੇ ਸਵਾਸਤਿਕ ਦੇਸ਼ ਪ੍ਰੋਜੈਕਟ—ਬਣਾਈਆਂ ਗਈਆਂ ਸਨ। ਇਹਨਾਂ ਕੰਪਨੀਆਂ ਰਾਹੀਂ ਪੈਸਾ ਮੋੜ ਕੇ ਅਬਰੋਲ ਅਤੇ ਉਸ ਦੇ ਕਰੀਬੀਆਂ ਦੇ ਖਾਤਿਆਂ ਵਿੱਚ ਪਹੁੰਚਾਇਆ ਗਿਆ।

