ਆਪਣਾ ਪੰਜਾਬ ਮੀਡੀਆ : ਪੰਜਾਬ ਦੇ ਨੌਜਵਾਨਾਂ ਨੂੰ ਸੂਬੇ ਦੇ ਪੁਰਾਤਨ ਵਿਰਸੇ ਨਾਲ ਜੋੜਨ ਲਈ ਕਰਵਾਇਆ ਗਿਆ ਤਿੰਨ ਰੋਜ਼ਾ ਸਿਰਜਣਾਤਮਕ ਮੇਲਾ ‘ਸਹੁੰ ਪੰਜਾਬ ਦੀ’ ਅੱਜ ਸਮਾਪਤ ਹੋ ਗਿਆ। ਇਹ ਮੇਲਾ ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸਥਾਨਕ ਸੀਬਾ ਕੈਂਪਸ ਵਿੱਚ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਿੰਘ ਸਵੀ ਅਤੇ ਸੀਬਾ ਦੇ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਵਿੱਚ 32 ਲੋਕ ਕਲਾਵਾਂ ਦੀ ਪੇਸ਼ਕਾਰੀ ਕੀਤੀ ਗਈ।
ਸਮਾਪਤੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੱਖ-ਵੱਖ ਪ੍ਰਦਰਸ਼ਨੀਆਂ ਦਾ ਜਾਇਜ਼ਾ ਲਿਆ ਅਤੇ ਕਲਾਕਾਰਾਂ ਦੀ ਹੌਸਲਾ ਅਫਜ਼ਾਈ ਕੀਤੀ। ਉਨ੍ਹਾਂ ਪੰਜਾਬ ਕਲਾ ਪਰਿਸ਼ਦ ਅਤੇ ਲਲਿਤ ਕਲਾ ਅਕਾਦਮੀ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ‘ਰੰਗਲੇ ਪੰਜਾਬ’ ਦੇ ਸੰਕਲਪ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਮੇਲੇ ਦੌਰਾਨ ਸੂਫ਼ੀ ਗਾਇਕ ਮਨਪ੍ਰੀਤ ਸਿੰਘ ਮੰਨਾ ਨੇ ਆਪਣੀ ਗਾਇਕੀ ਨਾਲ ਖੂਬ ਰੰਗ ਬੰਨ੍ਹਿਆ। ਇਸ ਮੌਕੇ ਨੌਜਵਾਨ ਕਲਾਕਾਰਾਂ ਦੀਆਂ ਵਰਕਸ਼ਾਪਾਂ ਤੋਂ ਇਲਾਵਾ ਦਿਹਾਤੀ ਦਸਤਕਾਰੀ ਜਿਵੇਂ ਖੱਡੀ ਬੁਣਨਾ, ਦਰੀਆਂ ਬੁਣਨਾ, ਚਰਖਾ ਕੱਤਣਾ, ਪੱਖੀਆਂ ਤੇ ਛਿੱਕੂ ਬਣਾਉਣਾ ਅਤੇ ਕਸੀਦਾਕਾਰੀ ਦੀ ਪ੍ਰਦਰਸ਼ਨੀ ਵੀ ਖਿੱਚ ਦਾ ਕੇਂਦਰ ਰਹੀ।

