ਆਪਣਾ ਪੰਜਾਬ ਮੀਡੀਆ : ਪੰਜਾਬ ਤੇ ਹਰਿਆਣਾ ਸਣੇ ਉੱਤਰੀ ਭਾਰਤ ’ਚ ਪਿਛਲੇ ਦਿਨੀਂ ਪਏ ਮੀਂਹ ਤੋਂ ਬਾਅਦ ਮੌਸਮ ਵਿਭਾਗ ਨੇ ਪੰਜਾਬ ’ਚ ਮੁੜ ਤੋਂ ਮੌਸਮ ਦਾ ਮਿਜ਼ਾਜ ਬਦਲਣ ਦੀ ਪੇਸ਼ੀਨਗੋਈ ਕੀਤੀ ਹੈ। ਵਿਭਾਗ ਨੇ 27 ਤੇ 28 ਜਨਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਉਧਰ ਹਿਮਾਚਲ ਪ੍ਰਦੇਸ਼ ਵਿੱਚ ਵੀ ਤਾਜ਼ਾ ਪੱਛਮੀ ਗੜਬੜੀ ਦੇ ਨਤੀਜੇ ਵਜੋਂ 26 ਤੇ 28 ਜਨਵਰੀ ਦਰਮਿਆਨ ਭਾਰੀ ਬਰਫ਼ਬਾਰੀ ਅਤੇ ਮੀਂਹ ਦਾ ਇੱਕ ਹੋਰ ਦੌਰ ਦੇਖਣ ਨੂੰ ਮਿਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕੁੱਲੂ, ਕਿੰਨੌਰ ਚੰਬਾ ਅਤੇ ਲਾਹੌਲ ਤੇ ਸਪਿਤੀ ਜ਼ਿਲ੍ਹਿਆਂ ਵਿੱਚ 27 ਜਨਵਰੀ ਨੂੰ ਭਾਰੀ ਬਰਫ਼ਬਾਰੀ ਅਤੇ ਮੀਂਹ ਲਈ ਚੇਤਾਵਨੀ ਨੂੰ ਪੀਲੇ ਤੋਂ ਸੰਤਰੀ ਵਿੱਚ ਵਧਾ ਦਿੱਤਾ ਹੈ।
ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ 26 ਜਨਵਰੀ ਦੀ ਰਾਤ ਨੂੰ ਪੱਛਮੀ ਗੜਬੜੀ ਦੇ ਚਲਦਿਆਂ ਮੌਸਮ ਮੁੜ ਬਦਲੇਗਾ। ਸਿੱਟੇ ਵਜੋਂ 27 ਤੇ 28 ਜਨਵਰੀ ਨੂੰ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪਵੇਗਾ। ਮੀਂਹ ਕਰਕੇ ਤਾਪਮਾਨ ਵਿੱਚ ਵੀ ਗਿਰਾਵਟ ਦੇ ਨਾਲ ਸੀਤ ਲਹਿਰ ਚੱਲੇਗੀ।

