ਅੰਮ੍ਰਿਤਸਰ ਉੱਤਰੀ ਤੋਂ ਵਿਧਾਇਕ ਨੇ 1 ਨਵੰਬਰ ਦੀ ਮਿਤੀ ਵਾਲਾ ਅਸਤੀਫ਼ਾ ਸਪੀਕਰ ਨੂੰ ਭੇਜਿਆ; ਕਿਹਾ- ਮੇਰਾ ਇਕੋ-ਇਕ ਮਕਸਦ ‘ਪੰਜਾਬ ਫਸਟ’
ਚੰਡੀਗੜ੍ਹ : ਆਪਣਾ ਪੰਜਾਬ ਮੀਡੀਆ : ਪੰਜਾਬ ਦੀ ਸਿਆਸਤ ਵਿੱਚ ਇੱਕ ਹੋਰ ਅਹਿਮ ਘਟਨਾਕ੍ਰਮ ਸਾਹਮਣੇ ਆਇਆ ਹੈ। ਅੰਮ੍ਰਿਤਸਰ ਉੱਤਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੰਜਾਬ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਵੱਲੋਂ 1 ਨਵੰਬਰ, 2026 ਦੀ ਮਿਤੀ ਵਾਲਾ ਅਸਤੀਫ਼ਾ ਵਿਧਾਨ ਸਭਾ ਦੇ ਸਪੀਕਰ ਨੂੰ ਭੇਜਿਆ ਗਿਆ ਹੈ। ਉਨ੍ਹਾਂ ਨੇ ਅਸਤੀਫ਼ਾ 1 ਨਵੰਬਰ ਤੋਂ ਲਾਗੂ ਮੰਨਣ ਦੀ ਬੇਨਤੀ ਵੀ ਕੀਤੀ ਹੈ।
ਅਸਤੀਫ਼ੇ ਤੋਂ ਬਾਅਦ ਅੰਮ੍ਰਿਤਸਰ ਵਾਸੀਆਂ ਦੇ ਨਾਂ ਸੰਦੇਸ਼ ਜਾਰੀ ਕਰਦਿਆਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਲੋਕਾਂ ਵੱਲੋਂ ਮਿਲੇ ਪਿਆਰ ਅਤੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਬਤੌਰ ਵਿਧਾਇਕ ਉਹ ਆਪਣਾ 90 ਫ਼ੀਸਦੀ ਟੀਚਾ ਪੂਰਾ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿੱਚ ਉਨ੍ਹਾਂ ਨੇ ਅੰਮ੍ਰਿਤਸਰ ਦੇ ਪਾਣੀ, ਸੀਵਰੇਜ, ਕੰਪਨੀ ਬਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਸਰਕਾਰੀ ਮੈਡੀਕਲ ਕਾਲਜ ਅਤੇ ਬਰਗਾੜੀ ਬੇਅਦਬੀ ਵਰਗੇ ਮੁੱਦੇ ਉਠਾਏ। ਉਨ੍ਹਾਂ ਆਪਣੀ ਵੱਡੀ ਪ੍ਰਾਪਤੀ ਰਾਜਨੀਤੀ ਵਿੱਚੋਂ ‘ਮਾਈ-ਬਾਪ ਕਲਚਰ’ ਖ਼ਤਮ ਕਰਨ ਦੇ ਯਤਨ ਨੂੰ ਦੱਸਿਆ।
ਜ਼ਿਕਰਯੋਗ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਅਤੇ ‘ਆਪ’ ਲੀਡਰਸ਼ਿਪ ਵਿਚਾਲੇ ਪਹਿਲਾਂ ਵੀ ਮਤਭੇਦ ਸਾਹਮਣੇ ਆਉਂਦੇ ਰਹੇ ਹਨ। ਜੂਨ 2025 ਵਿੱਚ ਪਾਰਟੀ ਨੇ ਉਨ੍ਹਾਂ ਨੂੰ ਪੰਜ ਸਾਲ ਲਈ ਮੁਅੱਤਲ ਕਰ ਦਿੱਤਾ ਸੀ। ਉਨ੍ਹਾਂ ਦੇ ਅਸਤੀਫ਼ੇ ਤੋਂ ਇੱਕ ਦਿਨ ਪਹਿਲਾਂ ਦੋ ਹੋਰ ਵਿਧਾਇਕਾਂ ਹਰਮੀਤ ਸਿੰਘ ਪਠਾਣਮਾਜਰਾ ਅਤੇ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਵੀ ਪਾਰਟੀ ਛੱਡਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਅੱਗੇ ਲੋਕਾਂ ਨਾਲ ਮਿਲ ਕੇ ਸਾਫ਼-ਸੁਥਰੀ ਰਾਜਨੀਤੀ ਅਤੇ ਸਵੱਛ ਪ੍ਰਸ਼ਾਸਨ ਲਈ ਕੰਮ ਕਰਨ ਦੀ ਗੱਲ ਕਹੀ ਹੈ।


