- ਸ਼ਾਹ ਵੱਲੋਂ ਪਰਵਿੰਦਰ ਝੋਟਾ ਦੇ ਪਰਿਵਾਰ ਨੂੰ ਇਨਸਾਫ਼ ਦਾ ਭਰੋਸਾ
- 120 ਦਿਨਾਂ ’ਚ ਮੁਕੰਮਲ ਹੋਵੇਗੀ ਜਾਂਚ: ਜਾਖੜ
- ਪਰਵਿੰਦਰ ਝੋਟਾ ਕਤਲ ਕਾਂਡ ਦੀ ਅੱਜ ਤੋਂ ਸ਼ੁਰੂ ਹੋਵੇਗੀ ਸੀ ਬੀ ਆਈ ਜਾਂਚ
ਮਾਨਸਾ : ਆਪਣਾ ਪੰਜਾਬ ਮੀਡੀਆ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਬਾਅਦ ਦੁਪਹਿਰ ਮਾਨਸਾ ਵਿੱਚ ਨਸ਼ਿਆਂ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ਕਰ ਕੇ ਦੁੱਖ ਸਾਂਝਾ ਕੀਤਾ। ਸ਼ਾਹ ਨੇ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੁੰਦਿਆਂ ਕਤਲ ਕਾਂਡ ਸਬੰਧੀ ਜਾਣਕਾਰੀ ਲਈ। ਉਨ੍ਹਾਂ ਪਰਿਵਾਰ ਨੂੰ ਭਰੋੋਸਾ ਦਿੱਤਾ ਕਿ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਲਈ ਸੀ ਬੀ ਆਈ ਟੀਮਾਂ ਬੁੱਧਵਾਰ ਨੂੰ ਮਾਨਸਾ ਪਹੁੰਚ ਜਾਣਗੀਆਂ।
ਮੁਲਾਕਾਤ ਮੌਕੇ ਪਰਵਿੰਦਰ ਦੇ ਪਿਤਾ ਭੀਮ ਸਿੰਘ ਫੌਜੀ, ਅਮਰਜੀਤ ਕੌਰ, ਪਤਨੀ ਮਨਪ੍ਰੀਤ ਕੌਰ, ਨਸ਼ਾ ਵਿਰੋਧੀ ਟਾਸਕ ਫੋਰਸ ਦੇ ਆਗੂ ਅਮਨਦੀਪ ਸਿੰਘ, ਗਗਨਦੀਪ ਸਿੰਘ ਸਿਰਸੀਵਾਲਾ, ਕੁਲਵਿੰਦਰ ਸਿੰਘ ਸੁੱਖੀ, ਸੰਦੀਪ ਸਿੰਘ, ਜਗਮੋਹਨ ਸਿੰਘ, ਰੂਬੀ ਮਾਨਸਾ ਹਾਜ਼ਰ ਸਨ। ਸ਼ਾਹ ਇਥੇ ਪਰਿਵਾਰ ਦੀ ਵਾਟਰ ਵਰਕਸ ਰੋਡ ਸਥਿਤ ਰਿਹਾਇਸ਼ ਉੱਤੇ 20 ਮਿੰਟ ਦੇ ਕਰੀਬ ਰੁਕੇ। ਇਸ ਦੌਰਾਨ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਝੋਟਾ ਕਤਲ ਕਾਂਡ ਦੀ ਸੀ ਬੀ ਆਈ ਜਾਂਚ ਬੁੱਧਵਾਰ ਤੋਂ ਸ਼ੁਰੂ ਹੋ ਜਾਵੇਗੀ, ਜੋ 120 ਦਿਨਾਂ ਅੰਦਰ ਪੂਰੀ ਕੀਤੀ ਜਾਵੇਗੀ।
ਭੀਮ ਸਿੰਘ ਫੌਜੀ ਨੇ ਮਗਰੋਂ ਕਿਹਾ ਕਿ ਪਰਿਵਾਰ ਨੇ ਗ੍ਰਹਿ ਮੰਤਰੀ ਕੋਲੋਂ ਮੰਗ ਕੀਤੀ ਕਿ ਜਾਂਚ ਦਾ ਘੇਰਾ ਸਿਰਫ਼ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਤੱਕ ਸੀਮਤ ਨਾ ਰੱਖਿਆ ਜਾਵੇ, ਸਗੋਂ ਕਤਲ ਦੇ ਸਾਰੇ ਪਹਿਲੂਆਂ ਦੀ ਡੂੰਘਾਈ ਨਾਲ ਪੜਤਾਲ ਹੋਵੇ। ਇਸ ਦੇ ਨਾਲ ਹੀ ਨਸ਼ਿਆਂ ਦੇ ਕਾਰੋਬਾਰ ਅਤੇ ਇਸ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਦੀ ਸੁਰੱਖਿਆ ਦਾ ਮੁੱਦਾ ਵੀ ਗ੍ਰਹਿ ਮੰਤਰੀ ਕੋਲ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਪਰਿਵਾਰ ਨਾਲ ਦੁੱਖ ਵੰਡਾਉਣ ਆਏ ਕੇਂਦਰੀ ਗ੍ਰਹਿ ਮੰਤਰੀ ਨੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੂੰ ਇਨਸਾਫ਼ ਜ਼ਰੂਰ ਮਿਲੇਗਾ। ਫੌਜੀ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਨਾਲ ਵੀ ਗੱਲਬਾਤ ਲਈ ਤਿਆਰ ਹਨ, ਪਰ ਜਿੰਨਾ ਚਿਰ ਉਨ੍ਹਾਂ ਦੀਆਂ ਮੰਗਾਂ ਤੇ ਮਸਲਿਆਂ ਦਾ ਹੱਲ ਨਹੀਂ ਹੁੰਦਾ, ਉਂਨਾ ਚਿਰ ਸੰਘਰਸ਼ ਜਾਰੀ ਰਹੇਗਾ। ਸ਼ਾਹ ਦੀ ਮਾਨਸਾ ਫੇਰੀ ਮੌਕੇ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਸੀਨੀਅਰ ਆਗੂ ਸੁਨੀਲ ਜਾਖੜ ਤੇ ਪਰਨੀਤ ਕੌਰ ਸਣੇ ਹੋਰ ਆਗੂ ਉਨ੍ਹਾਂ ਨਾਲ ਮੌਜੂਦ ਸਨ।ਮੌਜੂਦ ਸਨ।


