India-US relations: ਭਾਰਤ ਤੇ ਅਮਰੀਕਾ ਊਰਜਾ ਤੇ ਰੱਖਿਆ ਸਹਿਯੋਗ ਵਧਾਉਣ ਲਈ ਰਾਜ਼ੀ
- ਅਮਰੀਕੀ ਤਕਨਾਲੋਜੀਆਂ ਤੇ ਪ੍ਰਣਾਲੀਆਂ ਦੀ ਖ਼ਰੀਦ ਵਧਾਉਣ ਦੀ ਅਪੀਲ
- ਭਾਰਤ ਨੂੰ ਕੱਚੇ ਤੇਲ ਦੀ ਸੋਧ ’ਚ ‘ਮਹਾਸ਼ਕਤੀ’ ਦੱਸਿਆ
- ਵਪਾਰ ਸਮਝੌਤਾ ਜਲਦੀ ਨੇਪਰੇ ਚੜ੍ਹਨ ਦਾ ਦਾਅਵਾ
ਮੁੰਬਈ/ਨਵੀਂ ਦਿੱਲੀ : ਆਪਣਾ ਪੰਜਾਬ ਮੀਡੀਆ : ਭਾਰਤ ਤੇ ਅਮਰੀਕਾ ਨੇ ਰਿਸ਼ਤਿਆਂ ਵਿੱਚ ਚੱਲ ਰਹੇ ਤਣਾਅ ਦੇ ਬਾਵਜੂਦ ਮੰਗਲਵਾਰ ਨੂੰ ਊਰਜਾ ਅਤੇ ਰੱਖਿਆ ਸਹਿਯੋਗ ਨੂੰ ਵਧਾਉਣ ਵੱਲ ਕਦਮ ਪੁੱਟੇ ਹਨ। ਤਿੰਨ ਰੋਜ਼ਾ ਫੇਰੀ ਲਈ ਭਾਰਤ ਪੁੱਜੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਨਵੀਂ ਦਿੱਲੀ ਨੂੰ ਊਰਜਾ ਵਪਾਰ ਦਾ ਘੇਰਾ ਮੋਕਲਾ ਕਰਨ ਅਤੇ ਅਮਰੀਕੀ ਤਕਨਾਲੋਜੀਆਂ ਤੇ ਪ੍ਰਣਾਲੀਆਂ ਦੀ ਖ਼ਰੀਦ ਵਧਾਉਣ ਦੀ ਅਪੀਲ ਕੀਤੀ ਹੈ। ਰੂਬੀਓ ਦੀ ਪੰਜ ਮਹੀਨਿਆਂ ’ਚ ਇਹ ਦੂਜੀ ਫੇਰੀ ਹੈ। ਵਾਸ਼ਿੰਗਟਨ ਦੀਆਂ ਅਣਕਿਆਸੀਆਂ ਵਪਾਰਕ ਨੀਤੀਆਂ ਅਤੇ ਇਮੀਗ੍ਰੇਸ਼ਨ ਨਿਯਮਾਂ ਵਿੱਚ ਸਖ਼ਤੀ ਕਾਰਨ ਦੁਵੱਲੇ ਸਬੰਧਾਂ ਵਿੱਚ ਤਣਾਅ ਬਣਿਆ ਹੋਇਆ ਹੈ।
ਰੂਬੀਓ ਨੇ ਆਪਣੇ ਭਾਰਤੀ ਹਮਰੁਤਬਾ ਐੱਸ ਜੈਸ਼ੰਕਰ ਨਾਲ ਮੁਲਾਕਾਤ ਤੋਂ ਪਹਿਲਾਂ ਭਾਰਤ ਨੂੰ ਕੱਚੇ ਤੇਲ ਦੀ ਰਿਫਾਇਨਿੰਗ ਦੇ ਖੇਤਰ ਵਿੱਚ ‘ਮਹਾਸ਼ਕਤੀ’ ਦੱਸਿਆ ਅਤੇ ਭਾਰਤ ਵਿੱਚ ਵੈਨੇਜ਼ੁਏਲਾ ਦੇ ਕੱਚੇ ਤੇਲ ਦੀ ਵਧੇਰੇ ਪ੍ਰੋਸੈਸਿੰਗ ਕਰਨ ਦੀ ਵਕਾਲਤ ਕੀਤੀ। ਰੂਬੀਓ ਬੁੱਧਵਾਰ ਨੂੰ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੀ ਜਾਮਨਗਰ ਰਿਫਾਇਨਰੀ ਦਾ ਦੌਰਾ ਕਰਨਗੇ। ਭਾਰਤ-ਅਮਰੀਕਾ ਵਪਾਰ ਸਮਝੌਤੇ ਬਾਰੇ ਸਵਾਲ ਦਾ ਜਵਾਬ ਦਿੰਦਿਆਂ ਰੂਬੀਓ ਨੇ ਕਿਹਾ ਕਿ ‘ਕੁਝ ਕੁ ਚੀਜ਼ਾਂ’ ਬਾਰੇ ਗੱਲਬਾਤ ਪੂਰੀ ਹੋਣੀ ਬਾਕੀ ਹੈ। ਉਂਝ, ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਸਮਝੌਤਾ ‘ਜਲਦੀ’ ਨੇਪਰੇ ਚੜ੍ਹ ਜਾਵੇਗਾ।


