ਬਹਿਰੀਨ ਦੀ ਮਹਿਲਾ ਨਾਲ ਜੁੜੇ ਮਾਮਲੇ ’ਚ ਬਲਤੇਜ ਪੰਨੂ ਨੇ ਕਮਰੇ ਦੀ ਬੁਕਿੰਗ, ਵਿੱਤੀ ਸਹਾਇਤਾ ਅਤੇ ਜਾਂਚ ਦੇ ਤਰੀਕੇ ਬਾਰੇ ਮੰਗੇ ਜਵਾਬ
ਚੰਡੀਗੜ੍ਹ : ਆਪਣਾ ਪੰਜਾਬ ਮੀਡੀਆ : ਆਮ ਆਦਮੀ ਪਾਰਟੀ ਦੇ ਪੰਜਾਬ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਐਸਜੀਪੀਸੀ ਸਰਾਂ ਵਿੱਚ ਬਹਿਰੀਨ ਦੀ ਮਹਿਲਾ ਦੇ ਠਹਿਰਨ ਨਾਲ ਜੁੜੇ ਵਿਵਾਦ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਾਂਚ ਰਿਪੋਰਟ ’ਤੇ ਸਵਾਲ ਚੁੱਕੇ ਹਨ। ਪੰਨੂ ਨੇ ਕਿਹਾ ਕਿ ਸਵਾਲ ਐਸਜੀਪੀਸੀ ਸੰਸਥਾ ’ਤੇ ਨਹੀਂ, ਸਗੋਂ ਉਸ ਨੂੰ ਚਲਾਉਣ ਵਾਲੇ ਜ਼ਿੰਮੇਵਾਰ ਅਹੁਦੇਦਾਰਾਂ ਤੋਂ ਜਵਾਬਦੇਹੀ ਯਕੀਨੀ ਬਣਾਉਣ ਲਈ ਹਨ।
ਪੰਨੂ ਨੇ ਪੁੱਛਿਆ ਕਿ ਮਹਿਲਾ ਲਈ ਅੰਮ੍ਰਿਤਸਰ ਦੀ ਸਰਾਂ ਵਿੱਚ ਕਮਰਾ ਬੁੱਕ ਕਰਨ ਦੀ ਸਿਫ਼ਾਰਸ਼ ਕਿਸ ਨੇ ਕੀਤੀ ਅਤੇ ਉਸ ਨਾਲ ਸਬੰਧਤ ਰਿਕਾਰਡ ਵਿੱਚ ਇਸ ਦੀ ਜਾਣਕਾਰੀ ਕਿਉਂ ਸਪੱਸ਼ਟ ਨਹੀਂ ਹੈ। ਉਨ੍ਹਾਂ ਮਹਿਲਾ ਵੱਲੋਂ ਕੈਂਸਰ ਦੇ ਇਲਾਜ ਲਈ ਮੰਗੀ ਗਈ ਕਥਿਤ ਇੱਕ ਲੱਖ ਰੁਪਏ ਦੀ ਸਹਾਇਤਾ ਸਬੰਧੀ ਅਰਜ਼ੀ ਅਤੇ ਮੈਡੀਕਲ ਦਸਤਾਵੇਜ਼ਾਂ ਬਾਰੇ ਵੀ ਸਵਾਲ ਕੀਤੇ। ਪੰਨੂ ਨੇ ਇਹ ਵੀ ਕਿਹਾ ਕਿ ਜਾਂਚ ਸਿਰਫ਼ ਸਰਾਂ ਦੇ ਰਜਿਸਟਰਾਂ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ, ਸਗੋਂ ਮੈਨੇਜਰ, ਸਟਾਫ਼, ਵਾਹਨਾਂ ਅਤੇ ਡਰਾਈਵਰਾਂ ਨਾਲ ਜੁੜੇ ਰਿਕਾਰਡਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ।
ਦੂਜੇ ਪਾਸੇ, ਐਸਜੀਪੀਸੀ ਵੱਲੋਂ ਪਹਿਲਾਂ ਹੀ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਲਈ ਚਾਰ ਮੈਂਬਰੀ ਕਮੇਟੀ ਬਣਾਈ ਗਈ ਸੀ ਅਤੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਸੀ ਕਿ ਕਮੇਟੀ ਦੀ ਰਿਪੋਰਟ ਤੋਂ ਬਾਅਦ ਸੰਗਤ ਵੱਲੋਂ ਉਠਾਏ ਗਏ ਸਵਾਲਾਂ ਦੇ ਤੱਥਾਂ ਸਮੇਤ ਜਵਾਬ ਦਿੱਤੇ ਜਾਣਗੇ। ਮੁੱਢਲੀ ਜਾਂਚ ਵਿੱਚ ਸਰਾਂ ਦੇ ਰਿਕਾਰਡਾਂ ਨਾਲ ਕਥਿਤ ਛੇੜਛਾੜ ਦੇ ਦਾਅਵੇ ਵੀ ਸਾਹਮਣੇ ਆਏ ਹਨ। ਹੁਣ ‘ਆਪ’ ਵੱਲੋਂ ਜਾਂਚ ਦੇ ਦਾਇਰੇ ਅਤੇ ਰਿਪੋਰਟ ਵਿੱਚ ਸ਼ਾਮਲ ਤੱਥਾਂ ’ਤੇ ਸਪੱਸ਼ਟੀਕਰਨ ਮੰਗੇ ਜਾਣ ਨਾਲ ਇਹ ਮਾਮਲਾ ਮੁੜ ਸਿਆਸੀ ਚਰਚਾ ਵਿੱਚ ਆ ਗਿਆ ਹੈ।


