ਪੰਜਾਬ ਕਲਾ ਭਵਨ ਵਿੱਚ ਹੋਇਆ ਸਮਾਗਮ
ਚੰਡੀਗਡ਼੍ਹ : ਆਪਣਾ ਪੰਜਾਬ ਮੀਡੀਆ : ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਵੱਲੋਂ ਸੰਪਾਦਿਤ ਤੇ ਪ੍ਰਕਾਸ਼ਿਤ ‘ਪੰਜਾਬ ਦਾ ਇਤਿਹਾਸ’ ਅੱਜ ਪੰਜਾਬ ਕਲਾ ਭਵਨ ਵਿੱਚ ਹੋਏ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕ ਅਰਪਣ ਕੀਤਾ ਗਿਆ। ਤਿੰਨ ਜਿਲਦਾਂ ਵਿੱਚ ਪ੍ਰਕਾਸ਼ਿਤ ਇਹ ਵਿਸ਼ਾਲ ਪੁਸਤਕ 1980 ਸਫ਼ਿਆਂ ਵਿੱਚ ਪੰਜਾਬ ਦੀ ਧਰਤੀ, ਇਸ ਦੇ ਇਤਿਹਾਸਕ ਸੰਘਰਸ਼ਾਂ, ਸਮਾਜਿਕ ਤਬਦੀਲੀਆਂ ਅਤੇ ਪੰਜਾਬੀ ਲੋਕ-ਚੇਤਨਾ ਦੇ ਵੱਖ-ਵੱਖ ਪੱਖਾਂ ਨੂੰ ਸਮੇਟਦੀ ਹੈ। ਸਮਾਗਮ ਦੀ ਪ੍ਰਧਾਨਗੀ ਉੱਘੀ ਇਤਿਹਾਸਕਾਰ ਪ੍ਰੋ. ਇੰਦੂ ਬੰਗਾ ਨੇ ਕੀਤੀ।
ਇਸ ਮੌਕੇ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ, ਉੱਘੇ ਸ਼ਾਇਰ ਤੇ ਚਿੱਤਰਕਾਰ ਸਵਰਨਜੀਤ ਸਵੀ ਨੇ ਸਾਰੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ‘ਪੰਜਾਬ ਦਾ ਇਤਿਹਾਸ’ ਤਿਆਰ ਕਰਨ ਦਾ ਮਕਸਦ ਪੰਜਾਬ ਦੇ ਅਤੀਤ ਨੂੰ ਵੱਖ-ਵੱਖ ਪੱਖਾਂ ਤੋਂ ਸਮਝਣ ਅਤੇ ਇਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਹੈ। ਉਨ੍ਹਾਂ ਦੱਸਿਆ ਕਿ ਇਹ ਪੁਸਤਕਾਂ ਅੱਠ ਮਹੀਨਿਆਂ ਦੀ ਸਖ਼ਤ ਮਿਹਨਤ ਦਾ ਨਤੀਜਾ ਹਨ ਅਤੇ ਪੰਜਾਬੀ ਦੇ ਪ੍ਰਮੁੱਖ ਵਿਦਵਾਨਾਂ ਨੇ ਆਪਣੀਆਂ ਮੁੱਲਵਾਨ ਲਿਖਤਾਂ ਰਾਹੀਂ ਇਨ੍ਹਾਂ ਨੂੰ ਸਮੱਗਰੀ ਪੱਖੋਂ ਸਮਰੱਥ ਬਣਾਇਆ ਹੈ। ਮੁੱਖ ਭਾਸ਼ਣ ਦਿੰਦਿਆਂ ਉੱਘੇ ਚਿੰਤਕ ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ‘ਪੰਜਾਬ ਦਾ ਇਤਿਹਾਸ’ ਦੀਆਂ ਜਿਲਦਾਂ ਵਿੱਚ ਉਨ੍ਹਾਂ ਤਾਕਤਾਂ ਨੂੰ ਪਛਾਣਨ ਦੀ ਕੋਸ਼ਿਸ਼ ਨਜ਼ਰ ਆਉਂਦੀ ਹੈ, ਜੋ ਇਤਿਹਾਸਕ ਧਾਰਾ ਨੂੰ ਰੂਪ ਦਿੰਦੀਆਂ ਹਨ। ਇਹ ਸਿਰਫ਼ ‘ਉਤਪਾਦਨ ਦੇ ਸਾਧਨਾਂ’ ਦੀ ਨਹੀਂ, ਸਗੋਂ ‘ਸੰਭਾਵਨਾਵਾਂ ਦੇ ਸਾਧਨਾਂ’ ਨੂੰ ਸਮਝਣ ਵੱਲ ਵੀ ਇੱਕ ਸ਼ੁਰੂਆਤ ਹੈ। ਉਨ੍ਹਾਂ ਇਸ ਨੂੰ ਪੰਜਾਬ ਦੇ ਨਾਲ-ਨਾਲ ਭਾਰਤ ਅਤੇ ਵਿਸ਼ਵ ਦੇ ਇਤਿਹਾਸ ਨੂੰ ਨਵੇਂ ਨਜ਼ਰੀਏ ਨਾਲ ਪੜ੍ਹਨ ਵੱਲ ਮਹੱਤਵਪੂਰਨ ਕਦਮ ਦੱਸਿਆ। ਪ੍ਰਧਾਨਗੀ ਮੰਡਲ ਵਿੱਚੋਂ ਕਿਤਾਬ ਦੀ ਇਕ ਸੰਪਾਦਕ ਡਾ. ਅਕਾਲ ਅੰਮ੍ਰਿਤ ਕੌਰ ਨੇ ਕਿਹਾ ਕਿ ‘ਪੰਜਾਬ ਦਾ ਇਤਿਹਾਸ’ ਦੀਆਂ ਤਿੰਨ ਜਿਲਦਾਂ ਵਿੱਚ 33 ਅਧਿਆਏ ਅਤੇ 1980 ਸਫ਼ਿਆਂ ਦੀ ਸਮੱਗਰੀ ਸ਼ਾਮਲ ਹੈ।
ਇਸ ਵਿੱਚ ਪੰਜਾਬ ਦੀ ਮਿੱਟੀ, ਨਦੀਆਂ, ਖੇਤੀਬਾੜੀ, ਭਾਸ਼ਾ, ਸਾਹਿਤ, ਧਰਮ, ਲੋਕਧਾਰਾ, ਸਭਿਆਚਾਰ, ਪ੍ਰਵਾਸ, ਕਲਾ, ਸੰਗੀਤ ਅਤੇ ਸਾਂਝੀਆਂ ਯਾਦਾਂ ਨੂੰ ਇਤਿਹਾਸ ਦੇ ਵੱਡੇ ਸੰਦਰਭ ਵਿੱਚ ਸਮਝਣ ਦਾ ਯਤਨ ਕੀਤਾ ਗਿਆ ਹੈ। ਉੱਘੇ ਇਤਿਹਾਸਕਾਰ ਡਾ. ਗੁਰਿੰਦਰ ਸਿੰਘ ਮਾਨ ਨੇ ਕਿਤਾਬ ਨਾਲ ਜੁੜੇ ਸਾਰੇ ਵਿਦਵਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪੰਜਾਬ ਦੀ ਲੰਮੀ ਇਤਿਹਾਸਕ ਯਾਤਰਾ ਨੂੰ ਸਮਝਣ ਵੱਲ ਇੱਕ ਮਹੱਤਵਪੂਰਨ ਕਦਮ ਹੈ।


