ਅਕਾਲੀ ਦਲ ਵੱਲੋਂ ਪੰਜਾਬ ਬਚਾਓ ਰੈਲੀ; ਨਸ਼ੇ ਦੇ ਮੁੱਦੇ ’ਤੇ ਪੰਜਾਬ ਸਰਕਾਰ ਘੇਰੀ
ਅਮਰਗੜ੍ਹ: ਆਪਣਾ ਪੰਜਾਬ ਮੀਡੀਆ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ’ਚ ਪੰਜਾਬੀਆਂ ਦੀ ਨਹੀਂ ਦਿੱਲੀ ਵਾਲਿਆਂ ਦੀ ਸਰਕਾਰ ਹੈ, ਜਿਸ ’ਚ ਪੰਜਾਬ ਦੇ ਵਿਧਾਇਕ ਤੋਂ ਲੈ ਕੇ ਮੰਤਰੀ ਨੂੰ ਵੀ ਕੋਈ ਨਹੀਂ ਪੁੱਛਦਾ। ਸਿਰਫ਼ ਦਿੱਲੀ ਵਾਲਿਆਂ ਦੀ ਹੀ ਚੱਲਦੀ ਹੈ। ਸੁਖਬੀਰ ਸਿੰਘ ਬਾਦਲ ਅੱਜ ਅਮਰਗੜ੍ਹ ਤੋਂ ਸ਼੍ੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਸਬੀਰ ਸਿੰਘ ਜੱਸੀ ਮੰਨਵੀ ਦੀ ਅਗਵਾਈ ਹੇਠ ਖਾਨਪੁਰ ਦੀ ਅਨਾਜ ਮੰਡੀ ਵਿੱਚ ‘ਪੰਜਾਬ ਬਚਾਓ’ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਾ ਤੇ ਅਪਰਾਧ ਇੰਨਾ ਵਧ ਗਿਆ ਹੈ ਕਿ ਲੋਕ ਘਰਾਂ ’ਚ ਵੀ ਸੁਰੱਖਿਅਤ ਨਹੀਂ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿੱਚ ਪੁਲੀਸ ਖ਼ੁਦ ਨਸ਼ਾ ਵਿਕਵਾ ਰਹੀ ਹੈ। ਸੁਖਬੀਰ ਬਾਦਲ ਨੇ ਹਲਕੇ ਦੇ ਸਾਬਕਾ ਸੀਨੀਅਰ ਅਕਾਲੀ ਆਗੂ ਦਾ ਨਾਮ ਲੈਂਦੇ ਹੋਏ ਕਿਹਾ ਕਿ ਜਿਸ ’ਤੇ ਉਨ੍ਹਾਂ ਲੋੜ ਤੋਂ ਜ਼ਿਆਦਾ ਭਰੋਸਾ ਕੀਤਾ ਸੀ ਉਸ ਨੇ ਅਕਾਲੀ ਦਲ ਨਾਲ ਗੱਦਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਦੌਰਾਨ ਜਿੰਨੇ ਕੰਮ ਪੰਜਾਬ ’ਚ ਹੋਏ, ਲੋਕ ਉਨ੍ਹਾਂ ਨੂੰ ਹੁਣ ਤੱਕ ਯਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਮੁੜ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਚਿੱਟਾ ਵੇਚਣ ਵਾਲਿਆਂ ਦੀ 10 ਸਾਲ ਤੱਕ ਜ਼ਮਾਨਤ ਨਹੀਂ ਹੋਵੇਗੀ ਤੇ ਨਸ਼ਾ ਤਸਕਰਾਂ ਦੀ ਸਾਰੀ ਜਾਇਦਾਦ ਸਰਕਾਰ ਆਪਣੇ ਕਬਜ਼ੇ ’ਚ ਲਵੇਗੀ।
ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਲਈ ਵਿਆਜ ਮੁਕਤ ਕਰਜ਼ਾ ਦਿੱਤਾ ਜਾਵੇਗਾ ਅਤੇ ਬੁਢਾਪਾ ਪੈਨਸ਼ਨ 31 ਸੌ ਤੇ ਸ਼ਗਨ ਸਕੀਮ ਇੱਕ ਲੱਖ ਰੁਪਏ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਜ਼ਿਲ੍ਹੇ ਅੰਦਰ ਮੈਡੀਕਲ ਕਾਲਜ ਤੇ ਜ਼ਿਲ੍ਹਾ ਪੱਧਰੀ ਵੈਟਰਨਰੀ ਹਸਪਤਾਲ ਵੀ ਖੋਲ੍ਹਿਆ ਜਾਵੇਗਾ। ਸੁਖਬੀਰ ਬਾਦਲ ਨੇ ਆਖਿਆ ਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਤੋਂ ਕਿਨਾਰਾ ਕਰ ਕੇ ਖੇਤਰੀ ਪਾਰਟੀ ਨੂੰ ਅੱਗੇ ਲਿਆਉਣਾ ਲੋਕਾਂ ਦੀ ਜ਼ਿੰਮੇਵਾਰੀ ਹੈ। ਅੰਤ ’ਚ ਹਲਕਾ ਇੰਚਾਰਜ ਜਸਵੀਰ ਸਿੰਘ ਜੱਸੀ ਮੰਨਵੀ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਰੈਲੀ ’ਚ ਪਹੁੰਚੇ ਅਕਾਲੀ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ।


