INDIA ਬਲਾਕ ਵੱਲੋਂ ਚੋਣ ਕਮਿਸ਼ਨ ਖ਼ਿਲਾਫ਼ ਦੇਸ਼ਵਿਆਪੀ ਮੁਹਿੰਮ ਦਾ ਐਲਾਨ
ਨਵੀਂ ਦਿੱਲੀ : ਆਪਣਾ ਪੰਜਾਬ ਮੀਡੀਆ : ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਵੱਡੇ ਦੋਸ਼ ਲਗਾਉਂਦਿਆਂ ਉਨ੍ਹਾਂ ਨੂੰ ਵਿਰੋਧੀ ਧਿਰ ਵੱਲੋਂ ਕਹੀ ਜਾ ਰਹੀ ‘ਵੋਟ ਚੋਰੀ’ ਦੇ ‘ਅਸਲ ਮਾਸਟਰਮਾਈਂਡ’ ਕਰਾਰ ਦਿੱਤਾ। ਖੜਗੇ ਨੇ ਇਹ ਦੋਸ਼ INDIA ਬਲਾਕ ਦੀ ਮੀਟਿੰਗ ਤੋਂ ਬਾਅਦ ਲਗਾਏ, ਜਿੱਥੇ ਚੋਣ ਪ੍ਰਕਿਰਿਆ ਅਤੇ ਵੋਟਰ ਸੂਚੀਆਂ ਨੂੰ ਲੈ ਕੇ ਅਗਲੀ ਰਣਨੀਤੀ ’ਤੇ ਚਰਚਾ ਹੋਈ।
ਖੜਗੇ ਨੇ ਦੋਸ਼ ਲਾਇਆ ਕਿ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਹੋ ਰਹੇ ਹਨ ਅਤੇ Special Intensive Revision (SIR) ਨੂੰ ਲੈ ਕੇ ਵਿਰੋਧੀ ਪਾਰਟੀਆਂ ਦੀਆਂ ਚਿੰਤਾਵਾਂ ਹਨ। ਉਨ੍ਹਾਂ ਕਿਹਾ ਕਿ INDIA ਬਲਾਕ ਵੱਲੋਂ 2 ਤੋਂ 8 ਅਕਤੂਬਰ ਤੱਕ ਜ਼ਿਲ੍ਹਾ ਪੱਧਰ ’ਤੇ ‘ਸੇਵ ਡੈਮੋਕ੍ਰੇਸੀ’ ਮਾਰਚ ਕੀਤੇ ਜਾਣਗੇ ਅਤੇ 6 ਅਕਤੂਬਰ ਨੂੰ ਵਿਰੋਧੀ ਧਿਰ ਦੇ ਸੰਸਦ ਮੈਂਬਰ ਚੋਣ ਕਮਿਸ਼ਨ ਵੱਲ ਮਾਰਚ ਕਰਨਗੇ।
ਇਸ ਦੇ ਨਾਲ INDIA ਬਲਾਕ ਨੇ ਨਵੰਬਰ ਵਿੱਚ ਦਿੱਲੀ ਵਿੱਚ ਵੱਡੀ ਰੈਲੀ ਕਰਨ ਦਾ ਵੀ ਐਲਾਨ ਕੀਤਾ ਹੈ। ਖੜਗੇ ਨੇ ਵੋਟਰ ਸੂਚੀਆਂ ਦੀ ਪਾਰਦਰਸ਼ਤਾ, SIR ਦੀ ਸਮੀਖਿਆ ਅਤੇ ਚੋਣ ਪ੍ਰਕਿਰਿਆ ਨਾਲ ਜੁੜੇ ਹੋਰ ਮੁੱਦਿਆਂ ਨੂੰ ਲੈ ਕੇ ਸਾਂਝੀ ਮੁਹਿੰਮ ਚਲਾਉਣ ਦੀ ਗੱਲ ਕਹੀ। ਦੂਜੇ ਪਾਸੇ, ਮੋਦੀ ਸਰਕਾਰ ਅਤੇ ਚੋਣ ਕਮਿਸ਼ਨ ’ਤੇ ਲਗਾਏ ਗਏ ਇਨ੍ਹਾਂ ਦੋਸ਼ਾਂ ਨੂੰ ਵਿਰੋਧੀ ਧਿਰ ਦੇ ਦਾਅਵਿਆਂ ਵਜੋਂ ਦੇਖਿਆ ਜਾ ਰਿਹਾ ਹੈ।


