ਤਿੰਨ ਸਾਲਾ ਬੱਚੀ ਦੀ ਹਾਲਤ ਨਾਜ਼ੁਕ, PGI ਚੰਡੀਗੜ੍ਹ ਵਿੱਚ ਚੱਲ ਰਿਹਾ ਇਲਾਜ
ਨਾਭਾ : ਆਪਣਾ ਪੰਜਾਬ ਮੀਡੀਆ : ਲੁੱਟ ਦੀ ਸ਼ਿਕਾਇਤ ਕਰਨ ਤੋਂ ਬਾਅਦ ਸ਼ਿਕਾਇਤਕਰਤਾ ’ਤੇ ਹੋਏ ਕਥਿਤ ਜਾਨਲੇਵਾ ਹਮਲੇ ਦੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਨਾਭਾ ਅਤੇ ਨੰਬਰਦਾਰ ਯੂਨੀਅਨ ਵੱਲੋਂ SDM ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਪੀੜਤ ਪਰਿਵਾਰ ਨੂੰ ਇਨਸਾਫ਼ ਨਾ ਮਿਲਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਧਰਨਾਕਾਰੀਆਂ ਮੁਤਾਬਕ ਪਿੰਡ ਬੋੜਾ ਦੇ ਹਾਕਮ ਸਿੰਘ ਨੰਬਰਦਾਰ ਦੇ ਪੁੱਤਰ ਨਾਲ ਲੁੱਟ ਦੀ ਘਟਨਾ ਵਾਪਰਨ ਮਗਰੋਂ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ। ਉਨ੍ਹਾਂ ਦਾ ਦੋਸ਼ ਹੈ ਕਿ ਸ਼ਿਕਾਇਤ ਦੇ ਅਗਲੇ ਹੀ ਦਿਨ ਪਰਿਵਾਰ ’ਤੇ ਹਮਲਾ ਹੋਇਆ, ਜਿਸ ਦੌਰਾਨ ਤਿੰਨ ਸਾਲਾ ਬੱਚੀ ਗੰਭੀਰ ਜ਼ਖ਼ਮੀ ਹੋ ਗਈ। ਬੱਚੀ ਦੀ ਗਰਦਨ ਵਿੱਚ ਕਿਰਚ ਲੱਗਣ ਕਾਰਨ ਉਸ ਦਾ PGI ਚੰਡੀਗੜ੍ਹ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਪ੍ਰਦਰਸ਼ਨ ਦੌਰਾਨ ਨਾਇਬ ਤਹਿਸੀਲਦਾਰ ਅਤੇ ਥਾਣਾ ਸਦਰ ਨਾਭਾ ਦੇ SHO ਮੌਕੇ ’ਤੇ ਪਹੁੰਚੇ ਅਤੇ ਪ੍ਰਦਰਸ਼ਨਕਾਰੀਆਂ ਨੂੰ ਮੁਲਜ਼ਮਾਂ ਦੀ ਜਲਦ ਗ੍ਰਿਫ਼ਤਾਰੀ ਦਾ ਭਰੋਸਾ ਦਿੱਤਾ। ਪੁਲੀਸ ਅਨੁਸਾਰ ਮਾਮਲੇ ਦੀ ਜਾਂਚ ਸਥਾਨਕ ਪੁਲੀਸ ਦੇ ਨਾਲ CIA ਸਟਾਫ਼ ਵੱਲੋਂ ਵੀ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।


