ਬਾਲਡ ਰੇਂਜ ਜੰਗਲ ਦੀ ਅੱਗ ਦੌਰਾਨ ਪੈਂਟਿਕਟਨ ਸਿੱਖ ਟੈਂਪਲ ਵੱਲੋਂ ਹਜ਼ਾਰਾਂ ਪ੍ਰਭਾਵਿਤ ਲੋਕਾਂ ਦੀ ਮਦਦ
ਪੈਂਟਿਕਟਨ : ਆਪਣਾ ਪੰਜਾਬ ਮੀਡੀਆ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬਾਲਡ ਰੇਂਜ ਜੰਗਲ ਦੀ ਅੱਗ ਦੌਰਾਨ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਵਾਲੇ ਪੈਂਟਿਕਟਨ ਸਿੱਖ ਟੈਂਪਲ ਦੀ ਸੇਵਾ ਦੀ ਸ਼ਲਾਘਾ ਕੀਤੀ ਹੈ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਗੁਰਦੁਆਰਾ ਪ੍ਰਬੰਧਕਾਂ ਨੂੰ ਭੇਜੇ ਪ੍ਰਸ਼ੰਸਾ ਪੱਤਰ ਵਿੱਚ ਭਾਈਚਾਰੇ ਵੱਲੋਂ ਕੀਤੀ ਗਈ ਸੇਵਾ ਅਤੇ ਸਹਾਇਤਾ ਲਈ ਧੰਨਵਾਦ ਪ੍ਰਗਟ ਕੀਤਾ ਗਿਆ ਹੈ।
ਅੱਗ ਕਾਰਨ ਪ੍ਰਭਾਵਿਤ ਅਤੇ ਘਰਾਂ ਤੋਂ ਬੇਘਰ ਹੋਏ ਲੋਕਾਂ ਲਈ ਸਿੱਖ ਟੈਂਪਲ ਨੇ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਸਨ। ਗੁਰਦੁਆਰੇ ਵੱਲੋਂ ਕਈ ਹਫ਼ਤਿਆਂ ਤੱਕ ਹਜ਼ਾਰਾਂ ਲੋਕਾਂ ਨੂੰ ਮੁਫ਼ਤ ਗਰਮ ਲੰਗਰ ਛਕਾਇਆ ਗਿਆ ਅਤੇ ਪ੍ਰਭਾਵਿਤ ਪਰਿਵਾਰਾਂ ਤੱਕ ਜ਼ਰੂਰੀ ਸਮਾਨ, ਤਾਜ਼ੀਆਂ ਸਬਜ਼ੀਆਂ ਅਤੇ ਫਲ ਵੀ ਪਹੁੰਚਾਏ ਗਏ। ਸੇਵਾ ਵਿੱਚ ਗੁਰਦੁਆਰਾ ਵਲੰਟੀਅਰਾਂ ਦੇ ਨਾਲ ਦਾਨੀ ਅਤੇ ਸੰਗਤ ਨੇ ਵੀ ਯੋਗਦਾਨ ਪਾਇਆ।
ਪ੍ਰਧਾਨ ਮੰਤਰੀ ਕਾਰਨੀ ਨੇ ਪੱਤਰ ਵਿੱਚ ਕਿਹਾ ਕਿ ਸੰਕਟ ਅਤੇ ਬੇਘਰੀ ਦੇ ਸਮੇਂ ਲੋਕਾਂ ਨੂੰ ਭੋਜਨ ਮੁਹੱਈਆ ਕਰਵਾਉਣਾ ਉਨ੍ਹਾਂ ਨੂੰ ਸਹਾਰਾ, ਸਨਮਾਨ ਅਤੇ ਭਰੋਸਾ ਦਿੰਦਾ ਹੈ। ਗੁਰਦੁਆਰਾ ਪ੍ਰਬੰਧਕਾਂ ਨੇ ਇਸ ਸਨਮਾਨ ਨੂੰ ਸਮੂਹ ਸੰਗਤ, ਵਲੰਟੀਅਰਾਂ ਅਤੇ ਦਾਨੀਆਂ ਨੂੰ ਸਮਰਪਿਤ ਕਰਦਿਆਂ ਕਿਹਾ ਕਿ ਇਹ ਸੇਵਾ ਸਿੱਖ ਧਰਮ ਦੇ ‘ਸੇਵਾ’ ਅਤੇ ‘ਲੰਗਰ’ ਦੇ ਸਿਧਾਂਤਾਂ ਦੀ ਪ੍ਰਤੀਕ ਹੈ।


