19 ਕਿਲੋ ਵਾਲੇ ਸਿਲੰਡਰ ਦੀ ਕੀਮਤ ਵਧੀ, ਘਰੇਲੂ LPG ਦੇ ਰੇਟਾਂ ’ਚ ਕੋਈ ਬਦਲਾਅ ਨਹੀਂ
ਨਵੀਂ ਦਿੱਲੀ : ਆਪਣਾ ਪੰਜਾਬ ਮੀਡੀਆ : ਅਕਤੂਬਰ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਕਮਰਸ਼ੀਅਲ LPG ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਹੋ ਗਿਆ ਹੈ। 1 ਅਕਤੂਬਰ ਤੋਂ 19 ਕਿਲੋ ਵਾਲਾ ਕਮਰਸ਼ੀਅਲ ਸਿਲੰਡਰ ਦਿੱਲੀ ਵਿੱਚ 62.50 ਰੁਪਏ ਮਹਿੰਗਾ ਹੋ ਕੇ 2,810 ਰੁਪਏ ਦਾ ਹੋ ਗਿਆ ਹੈ। ਸਤੰਬਰ ਵਿੱਚ ਇਸ ਦੀ ਕੀਮਤ 2,747.50 ਰੁਪਏ ਸੀ।
ਇਹ ਵਾਧਾ ਸ਼ਹਿਰਾਂ ਮੁਤਾਬਕ ਵੱਖ-ਵੱਖ ਹੈ। ਮੁੰਬਈ ਵਿੱਚ 19 ਕਿਲੋ ਦੇ ਸਿਲੰਡਰ ਦੀ ਕੀਮਤ 63 ਰੁਪਏ ਵਧ ਕੇ 2,764 ਰੁਪਏ ਅਤੇ ਚੇਨਈ ਵਿੱਚ 66.50 ਰੁਪਏ ਵਧ ਕੇ 2,983 ਰੁਪਏ ਹੋ ਗਈ ਹੈ। ਪਟਨਾ ਵਿੱਚ ਸਭ ਤੋਂ ਵੱਧ 71.50 ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ, ਜਿਸ ਤੋਂ ਬਾਅਦ ਉੱਥੇ ਕੀਮਤ 3,100.50 ਰੁਪਏ ਹੋ ਗਈ ਹੈ।
ਦੂਜੇ ਪਾਸੇ ਘਰੇਲੂ ਵਰਤੋਂ ਵਾਲੇ 14.2 ਕਿਲੋ LPG ਸਿਲੰਡਰ ਦੀਆਂ ਕੀਮਤਾਂ ਵਿੱਚ ਇਸ ਮਹੀਨੇ ਕੋਈ ਬਦਲਾਅ ਨਹੀਂ ਕੀਤਾ ਗਿਆ। ਦਿੱਲੀ ਵਿੱਚ ਘਰੇਲੂ ਸਿਲੰਡਰ 942 ਰੁਪਏ ’ਤੇ ਹੀ ਰਹੇਗਾ। ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ LPG ਦੀਆਂ ਕੀਮਤਾਂ ਵਿੱਚ ਇਹ ਸੋਧ ਅੰਤਰਰਾਸ਼ਟਰੀ ਬੈਂਚਮਾਰਕ ਕੀਮਤਾਂ ਅਤੇ ਰੁਪਏ-ਡਾਲਰ ਐਕਸਚੇਂਜ ਰੇਟ ਵਿੱਚ ਬਦਲਾਅ ਦੇ ਆਧਾਰ ’ਤੇ ਕੀਤੀ ਜਾਂਦੀ ਹੈ।


