ਕੋਲੰਬੋ : ਆਪਣਾ ਪੰਜਾਬ ਮੀਡੀਆ : ਸ਼੍ਰੀਲੰਕਾ ਵਿੱਚ 2019 ਦੇ ਈਸਟਰ ਫਿਦਾਇਨ ਹਮਲਿਆਂ ਦੇ ਮਾਮਲੇ ਵਿੱਚ ਅਦਾਲਤ ਨੇ 15 ਦੋਸ਼ੀਆਂ ਨੂੰ ਸਖ਼ਤ ਸਜ਼ਾ ਸੁਣਾਈ ਹੈ। ਕੋਲੰਬੋ ਹਾਈਕੋਰਟ ਦੀ ਤਿੰਨ ਮੈਂਬਰੀ ਬੈਂਚ ਨੇ 24 ਮੁਲਜ਼ਮਾਂ ਵਿੱਚੋਂ 15 ਨੂੰ ਦੋਸ਼ੀ ਕਰਾਰ ਦਿੰਦਿਆਂ 220-220 ਸਾਲ ਦੀ ਸਸ਼ਰਮ ਕੈਦ ਦੀ ਸਜ਼ਾ ਸੁਣਾਈ, ਜਦਕਿ 9 ਹੋਰ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ। 21 ਅਪ੍ਰੈਲ 2019 ਨੂੰ ISIS ਨਾਲ ਜੁੜੇ ਸਥਾਨਕ ਇਸਲਾਮੀ ਅੱਤਵਾਦੀ ਸੰਗਠਨ ਨੈਸ਼ਨਲ ਤੌਹੀਦ ਜਮਾਤ (NTJ) ਨਾਲ ਸਬੰਧਤ 9 ਫਿਦਾਇਨ ਹਮਲਾਵਰਾਂ ਨੇ ਤਿੰਨ ਕੈਥੋਲਿਕ ਚਰਚਾਂ ਅਤੇ ਤਿੰਨ ਵੱਡੇ ਹੋਟਲਾਂ ਨੂੰ ਨਿਸ਼ਾਨਾ ਬਣਾ ਕੇ ਲੜੀਵਾਰ ਧਮਾਕੇ ਕੀਤੇ ਸਨ। ਇਨ੍ਹਾਂ ਹਮਲਿਆਂ ਵਿੱਚ 270 ਲੋਕਾਂ ਦੀ ਮੌਤ, ਜਿਨ੍ਹਾਂ ਵਿੱਚ 11 ਭਾਰਤੀ ਵੀ ਸ਼ਾਮਲ ਸਨ, ਜਦਕਿ 500 ਤੋਂ ਵੱਧ ਲੋਕ ਜ਼ਖ਼ਮੀ ਹੋਏ ਸਨ। ਮਾਮਲੇ ਦੀ ਸੁਣਵਾਈ ਕਰੀਬ ਪੰਜ ਸਾਲ ਚੱਲੀ। ਦੋਸ਼ੀਆਂ ਖ਼ਿਲਾਫ਼ 23,270 ਦੋਸ਼ ਲਗਾਏ ਗਏ ਅਤੇ 2,309 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ। ਮੁੱਖ ਦੋਸ਼ੀ ਨੌਫਰ ਮੌਲਵੀ ਨੂੰ ਵੀ ਦੋਸ਼ੀ ਕਰਾਰ ਦਿੱਤਾ ਗਿਆ ਹੈ।


