ਵਿਕਾਸਸ਼ੀਲ ਦੇਸ਼ਾਂ ਦਰਮਿਆਨ ਇਕਜੁੱਟਤਾ ਦੀ ਅਪੀਲ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ‘ਗਲੋਬਲ ਸਾਊਥ’ (ਵਿਕਾਸਸ਼ੀਲ ਜਾਂ ਘੱਟ ਵਿਕਸਤ ਮੁਲਕ) ਉੱਤੇ ਹੀ ਭਾਵੇਂ ਆਲਮੀ ਸੰਕਟਾਂ ਦਾ ਸਭ ਤੋਂ ਵੱਧ ਅਸਰ ਪੈਂਦਾ ਹੈ ਪਰ ਇਨ੍ਹਾਂ ਸੰਕਟਾਂ ਨਾਲ ਜੁੜੇ ਫ਼ੈਸਲੇ ਕਰਨ ਦੀ ਪ੍ਰਕਿਰਿਆ ’ਚ ਉਹ ‘ਪਿੱਛੇ’ ਹੈ। ਉਨ੍ਹਾਂ ਇਸ ਖੇਤਰ ਦੇ ਵਿਕਾਸਸ਼ੀਲ ਦੇਸ਼ਾਂ ਦਰਮਿਆਨ ਜ਼ਿਆਦਾ ਇਕਜੁੱਟਤਾ ਦੀ ਅਪੀਲ ਕੀਤੀ ਹੈ। ਸੰਯੁਕਤ ਰਾਸ਼ਟਰ ਮਹਾਂ ਸਭਾ ਦੇ 81ਵੇਂ ਸੈਸ਼ਨ ਦੌਰਾਨ ਬੀਤੇ ਦਿਨ ‘ਗਲੋਬਲ ਸਾਊਥ’ ਦੇ ਹਮਖ਼ਿਆਲੀ ਮੁਲਕਾਂ ਅਤੇ ਭਾਈਵਾਲਾਂ ਦੀ ਉੱਚ ਪੱਧਰੀ ਮੀਟਿੰਗ ’ਚ ਜੈਸ਼ੰਕਰ ਨੇ ਕਿਹਾ ਕਿ ਇਹ ਮੀਟਿੰਗ ‘ਆਲਮੀ ਬੇਯਕੀਨੀ’ ਦੇ ਦੌਰ ’ਚ ਹੋ ਰਹੀ ਹੈ।
ਜੈਸ਼ੰਕਰ ਨੇ ਕਿਹਾ ਕਿ ਅਸੀਂ ਇਸ ਨੂੰ ਸੰਘਰਸ਼ਾਂ ਅਤੇ ਭੂ-ਰਾਜਸੀ ਤਣਾਅ, ਸਪਲਾਈ ਲੜੀਆਂ ’ਚ ਅੜਿੱਕੇ, ਵਧਦੇ ਵਪਾਰ ਅੜਿੱਕਿਆਂ, ਖਿੰਡੇ ਹੋਏ ਨਿਵੇਸ਼, ਵਾਤਾਵਰਨ ਸਬੰਧੀ ਝਟਕਿਆਂ ਅਤੇ ਇਸ ਤੱਥ ’ਚ ਦੇਖ ਸਕਦੇ ਹਨ ਕਿ ਕੌਮਾਂਤਰੀ ਕਾਨੂੰਨ ਅਤੇ ਨਿਯਮਾਂ ’ਤੇ ਭਾਰੀ ਦਬਾਅ ਹੈ। ਅੱਜ ਗਲੋਬਲ ਸਾਊਥ ’ਤੇ ਹੀ ਭਾਵੇਂ ਆਲਮੀ ਸੰਕਟਾਂ ਦਾ ਸਭ ਤੋਂ ਵੱਧ ਅਸਰ ਪੈਂਦਾ ਹੈ ਪਰ ਫ਼ੈਸਲਾ ਕਰਨ ਦੀ ਪ੍ਰਕਿਰਿਆ ’ਚ ਉਹ ਪਿਛਲੀ ਕਤਾਰ ਹੈ। ਗਲੋਬਲ ਸਾਊਥ ਨੂੰ ਫ਼ੈਸਲੇ ਕਰਨ ਵਾਲੇ ਉਨ੍ਹਾਂ ਢਾਂਚਿਆਂ ਦਾ ਹਿੱਸਾ ਬਣਨ ਦੀ ਲੋੜ ਹੈ ਜੋ ਸਾਡੇ ਭਵਿੱਖ ਨਾਲ ਸਿੱਧੇ ਤੌਰ ’ਤੇ ਜੁੜੇ ਮਸਲਿਆਂ ਬਾਰੇ ਵਿਚਾਰ-ਚਰਚਾ ਕਰਦੇ ਹਨ।


