ਸੁੰਦਰੀਕਰਨ ਲਈ 17.72 ਕਰੋੜ ਰੁਪਏ ਖਰਚ ਕਰ ਰਹੀ ਪੰਜਾਬ ਸਰਕਾਰ; ਸਰੋਵਰ, ਮੰਦਰ, ਸਰਾਂ ਅਤੇ ਸੁਰੱਖਿਆ ਪ੍ਰਬੰਧਾਂ ਵਿੱਚ ਹੋਵੇਗਾ ਸੁਧਾਰ
ਅੰਮ੍ਰਿਤਸਰ — ਆਪਣਾ ਪੰਜਾਬ ਮੀਡੀਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਅੰਮ੍ਰਿਤਸਰ ਸਥਿਤ ਸ੍ਰੀ ਵਾਲਮੀਕਿ ਤੀਰਥ ਸਥਲ (ਰਾਮ ਤੀਰਥ) ਵਿਖੇ ਨਤਮਸਤਕ ਹੋ ਕੇ ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਵਿਰਾਸਤ ਦੀ ਸੰਭਾਲ ਲਈ ਸਰਕਾਰ ਦੀ ਵਚਨਬੱਧਤਾ ਦੁਹਰਾਈ। ਸੂਬਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਪਵਿੱਤਰ ਅਸਥਾਨ ਨੂੰ ਵਿਸ਼ਵ ਪੱਧਰੀ ਸੈਰ-ਸਪਾਟਾ ਕੇਂਦਰ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। ਵਿੱਤੀ ਵਰ੍ਹੇ 2026-27 ਦੌਰਾਨ ਤੀਰਥ ਸਥਲ ਦੇ ਵਿਕਾਸ ਅਤੇ ਸੁੰਦਰੀਕਰਨ ਲਈ 17.72 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।
ਮੁੱਖ ਮੰਤਰੀ ਨੇ ਦੱਸਿਆ ਕਿ ਵਿਕਾਸ ਕਾਰਜਾਂ ਤਹਿਤ ਮੁੱਖ ਮੰਦਰ ਦੀ ਮੁਰੰਮਤ ਅਤੇ ਸੁੰਦਰੀਕਰਨ, ਨਵੇਂ ਸਾਊਂਡ ਸਿਸਟਮ ਦੀ ਸਥਾਪਨਾ, ਪਵਿੱਤਰ ਸਰੋਵਰ ਦੀ ਸਫ਼ਾਈ ਅਤੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਸੀਸੀਟੀਵੀ ਕੈਮਰੇ ਲਗਾਉਣ ਵਰਗੇ ਕੰਮ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਸੀਵਰੇਜ ਟ੍ਰੀਟਮੈਂਟ ਪਲਾਂਟ ਚਾਲੂ ਕਰਨ ਅਤੇ ਮੰਦਰ ਤੇ ਸਰਾਂ ਵਿੱਚ ਏਅਰ ਕੰਡੀਸ਼ਨਰ ਲਗਾਉਣ ਲਈ ਵੀ ਪ੍ਰਬੰਧ ਕੀਤੇ ਜਾ ਰਹੇ ਹਨ। ਇਨ੍ਹਾਂ ਸਹੂਲਤਾਂ ਨਾਲ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਬਿਹਤਰ ਸਹੂਲਤਾਂ ਮਿਲਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਸਾਲ 2024 ਵਿੱਚ 25 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਦਰਸਾਉਂਦਾ ਪੈਨੋਰਮਾ ਵੀ ਇਸ ਅਸਥਾਨ ਦੀ ਖਿੱਚ ਦਾ ਮਹੱਤਵਪੂਰਨ ਕੇਂਦਰ ਹੈ।


