ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨ ਲਈ ਸਰਕਾਰ ਦਾ ਵੱਡਾ ਕਦਮ; ਅਗਲੇ ਮਹੀਨੇ ਪੀਆਰਟੀਸੀ ਦੇ ਬੇੜੇ ਵਿੱਚ ਸ਼ਾਮਲ ਹੋਣਗੀਆਂ 309 ਹੋਰ ਵੱਡੀਆਂ ਬੱਸਾਂ, 150 ਦੇ ਕਰੀਬ ਨੌਜਵਾਨਾਂ ਨੂੰ ਮਿਲਣਗੇ ਰੁਜ਼ਗਾਰ ਦੇ ਮੌਕੇ।
ਪਟਿਆਲਾ — ਆਪਣਾ ਪੰਜਾਬ ਮੀਡੀਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਮਵਾਰ ਨੂੰ ਪਟਿਆਲਾ ਵਿਖੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (PRTC) ਦੀਆਂ 100 ਨਵੀਆਂ ਮਿੰਨੀ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। 29 ਸੀਟਾਂ ਵਾਲੀਆਂ ਇਹ ਬੱਸਾਂ ਸੂਬੇ ਦੇ ਪੇਂਡੂ ਇਲਾਕਿਆਂ ਅਤੇ ਛੋਟੇ ਕਸਬਿਆਂ ਨੂੰ ਸ਼ਹਿਰਾਂ ਨਾਲ ਜੋੜਨ ਲਈ ਚਲਾਈਆਂ ਜਾਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਪੰਜਾਬ ਦੇ ਹਰ ਪਿੰਡ ਤੱਕ ਸਰਕਾਰੀ ਬੱਸ ਸੇਵਾ ਪਹੁੰਚਾਉਣਾ ਹੈ, ਤਾਂ ਜੋ ਲੋਕਾਂ ਨੂੰ ਰੋਜ਼ਾਨਾ ਆਉਣ-ਜਾਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਬਿਹਤਰ ਜਨਤਕ ਆਵਾਜਾਈ ਨਾਲ ਵਿਦਿਆਰਥੀਆਂ, ਕਿਸਾਨਾਂ, ਕੰਮਕਾਜੀ ਲੋਕਾਂ ਅਤੇ ਹੋਰ ਵਸਨੀਕਾਂ ਨੂੰ ਲਾਭ ਮਿਲੇਗਾ।
ਮੁੱਖ ਮੰਤਰੀ ਨੇ ਦੱਸਿਆ ਕਿ ਇਹ ਬੱਸਾਂ ਪੀਆਰਟੀਸੀ ਦੇ ਨੌਂ ਡਿਪੂਆਂ—ਪਟਿਆਲਾ, ਬਠਿੰਡਾ, ਚੰਡੀਗੜ੍ਹ, ਸੰਗਰੂਰ, ਬਰਨਾਲਾ, ਬੁਢਲਾਡਾ, ਕਪੂਰਥਲਾ, ਫ਼ਰੀਦਕੋਟ ਅਤੇ ਲੁਧਿਆਣਾ—ਵਿੱਚ ਵੰਡੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਬੱਸ ਸੇਵਾਵਾਂ ਮਜ਼ਬੂਤ ਹੋਣ ਨਾਲ ਲੋਕਾਂ ਲਈ ਸਿੱਖਿਆ, ਰੁਜ਼ਗਾਰ, ਸਿਹਤ ਸੇਵਾਵਾਂ ਅਤੇ ਹੋਰ ਜ਼ਰੂਰੀ ਕੰਮਾਂ ਵਾਸਤੇ ਸ਼ਹਿਰਾਂ ਤੱਕ ਪਹੁੰਚਣਾ ਸੁਖਾਲਾ ਹੋਵੇਗਾ। ਇਸ ਮੌਕੇ ਉਨ੍ਹਾਂ ਨੇ ਟਰਾਂਸਪੋਰਟ ਵਿਭਾਗ ਵਿੱਚ ਨਿਯੁਕਤ ਕੀਤੇ ਗਏ 15 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੀ ਸੌਂਪੇ। ਸਰਕਾਰ ਮੁਤਾਬਕ ਨਵੀਆਂ ਮਿੰਨੀ ਬੱਸਾਂ ਦੇ ਚੱਲਣ ਨਾਲ ਲਗਭਗ 150 ਡਰਾਈਵਰਾਂ ਅਤੇ ਕੰਡਕਟਰਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।


