ਵਪਾਰ, ਨਿਵੇਸ਼, ਊਰਜਾ ਅਤੇ ਸੁਰੱਖਿਆ ਸਹਿਯੋਗ ਦੀ ਸਮੀਖਿਆ; ਪੱਛਮੀ ਏਸ਼ੀਆ ਦੇ ਮੌਜੂਦਾ ਹਾਲਾਤਾਂ ’ਤੇ ਵੀ ਵਿਚਾਰ-ਵਟਾਂਦਰਾ
ਅਬੂ ਧਾਬੀ : ਆਪਣਾ ਪੰਜਾਬ ਮੀਡੀਆ : ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ 14 ਅਕਤੂਬਰ ਨੂੰ ਅਬੂ ਧਾਬੀ ਵਿਖੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਸ਼ੇਖ ਅਬਦੁੱਲਾ ਬਿਨ ਜ਼ਾਇਦ ਅਲ ਨਾਹਯਾਨ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਭਾਰਤ ਅਤੇ ਯੂਏਈ ਵਿਚਾਲੇ ਵਿਆਪਕ ਰਣਨੀਤਕ ਭਾਈਵਾਲੀ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਦੁਵੱਲੇ ਤੇ ਵਿਸ਼ਵ ਪੱਧਰੀ ਮੁੱਦਿਆਂ ’ਤੇ ਵਿਚਾਰ ਸਾਂਝੇ ਕੀਤੇ। ਜੈਸ਼ੰਕਰ ਨੇ ਇਸ ਮੁਲਾਕਾਤ ਨੂੰ ਸੁਖਾਵੀਂ ਅਤੇ ਲਾਹੇਵੰਦ ਕਰਾਰ ਦਿੱਤਾ।
ਮੀਟਿੰਗ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਵਪਾਰ, ਨਿਵੇਸ਼, ਊਰਜਾ, ਰੱਖਿਆ ਅਤੇ ਸੁਰੱਖਿਆ ਸਮੇਤ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਵਧਾਉਣ ’ਤੇ ਚਰਚਾ ਹੋਈ। ਭਾਰਤ ਅਤੇ ਯੂਏਈ ਵਿਚਾਲੇ ਮਈ 2022 ਤੋਂ ਲਾਗੂ ਵਿਆਪਕ ਆਰਥਿਕ ਭਾਈਵਾਲੀ ਸਮਝੌਤਾ ਦੁਵੱਲੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਦੋਵਾਂ ਮੰਤਰੀਆਂ ਨੇ ਖੇਤਰੀ ਹਾਲਾਤਾਂ ਅਤੇ ਪੱਛਮੀ ਏਸ਼ੀਆ ਵਿੱਚ ਹੋ ਰਹੇ ਘਟਨਾਕ੍ਰਮ ਬਾਰੇ ਵੀ ਵਿਚਾਰ ਸਾਂਝੇ ਕੀਤੇ।
ਜੈਸ਼ੰਕਰ 14 ਤੋਂ 16 ਅਕਤੂਬਰ ਤੱਕ ਯੂਏਈ ਦੇ ਤਿੰਨ ਦਿਨਾਂ ਅਧਿਕਾਰਤ ਦੌਰੇ ’ਤੇ ਹਨ। ਇਸ ਦੌਰਾਨ ਉਨ੍ਹਾਂ ਨੇ ਦੂਜੇ ‘ਰਾਇਸੀਨਾ ਮਿਡਲ ਈਸਟ’ ਸਮਾਗਮ ਵਿੱਚ ਵੀ ਹਿੱਸਾ ਲਿਆ, ਜਿੱਥੇ ਬਦਲਦੇ ਵਿਸ਼ਵ ਪ੍ਰਬੰਧ ਅਤੇ ਦੇਸ਼ਾਂ ਵਿਚਾਲੇ ਸਹਿਯੋਗ ਦੇ ਨਵੇਂ ਮੌਕਿਆਂ ’ਤੇ ਚਰਚਾ ਹੋਈ। ਉਨ੍ਹਾਂ ਨੇ ਬਹੁਪੱਖੀ ਸੰਸਥਾਵਾਂ ਵਿੱਚ ਸੁਧਾਰ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਛੋਟੇ ਦੇਸ਼ਾਂ ਦੇ ਸਮੂਹਾਂ ਵਿਚਾਲੇ ਮਜ਼ਬੂਤ ਸਹਿਯੋਗ ਇਸ ਪ੍ਰਕਿਰਿਆ ਨੂੰ ਅੱਗੇ ਵਧਾਉਣ ਵਿੱਚ ਮਦਦਗਾਰ ਹੋ ਸਕਦਾ ਹੈ।


