ਰੂਪ ਕੌਰ ਨੇ ਆਪਣੇ ਅਤੇ ਪਰਿਵਾਰ ਲਈ ਸੁਰੱਖਿਆ ਦੀ ਮੰਗ ਕੀਤੀ; ਪਾਰਟੀ ਤੋਂ ਬਰਖ਼ਾਸਤਗੀ ਨੂੰ ਵੀ ਦਿੱਤੀ ਚੁਣੌਤੀ
ਚੰਡੀਗੜ੍ਹ : ਆਪਣਾ ਪੰਜਾਬ ਮੀਡੀਆ : ਸ਼੍ਰੋਮਣੀ ਅਕਾਲੀ ਦਲ ਤੋਂ ਬਰਖ਼ਾਸਤ ਕੀਤੀ ਗਈ ਸਾਬਕਾ ਸੰਯੁਕਤ ਸਕੱਤਰ ਰੂਪ ਕੌਰ ਸੰਧੂ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨਾਲ ਮੁਲਾਕਾਤ ਕਰਕੇ ਆਪਣੇ ਅਤੇ ਆਪਣੇ ਪਰਿਵਾਰ ਲਈ ਸੁਰੱਖਿਆ ਦੀ ਮੰਗ ਕੀਤੀ ਹੈ। ਰੂਪ ਕੌਰ ਨੇ ਦਾਅਵਾ ਕੀਤਾ ਕਿ ਜਦੋਂ ਤੋਂ ਉਨ੍ਹਾਂ ਨੇ ਪੰਥਕ ਮਾਮਲਿਆਂ ਨਾਲ ਜੁੜੇ ਕੁਝ ਮੁੱਦੇ ਜਨਤਕ ਤੌਰ ’ਤੇ ਉਠਾਉਣੇ ਸ਼ੁਰੂ ਕੀਤੇ ਹਨ, ਉਦੋਂ ਤੋਂ ਉਨ੍ਹਾਂ ਨੂੰ ਅਣਪਛਾਤੇ ਨੰਬਰਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਮੁਤਾਬਕ ਕੁਝ ਕਾਲਾਂ ਵਿਦੇਸ਼ਾਂ ਵਿੱਚ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀਆਂ ਵੱਲੋਂ ਵੀ ਆਈਆਂ ਹਨ।
ਰੂਪ ਕੌਰ ਨੇ ਆਪਣੀ ਪਾਰਟੀ ਤੋਂ ਬਰਖ਼ਾਸਤਗੀ ’ਤੇ ਵੀ ਸਵਾਲ ਉਠਾਏ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਸਾਹਮਣੇ ਆਪਣਾ ਪੱਖ ਰੱਖਣ ਦਾ ਮੌਕਾ ਨਹੀਂ ਦਿੱਤਾ ਗਿਆ। ਦੂਜੇ ਪਾਸੇ, ਇਸਤਰੀ ਅਕਾਲੀ ਦਲ ਦੀ ਪ੍ਰਧਾਨ ਹਰਗੋਬਿੰਦ ਕੌਰ ਮੁਤਾਬਕ ਰੂਪ ਕੌਰ ਖ਼ਿਲਾਫ਼ ਇਹ ਕਾਰਵਾਈ ਕਥਿਤ ਅਨੁਸ਼ਾਸਨਹੀਣਤਾ ਅਤੇ ਦੁਰਵਿਹਾਰ ਦੇ ਮਾਮਲਿਆਂ ਦੇ ਚਲਦਿਆਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਕੀਤੀ ਗਈ ਹੈ।
ਰੂਪ ਕੌਰ ਨੇ ਹਾਲ ਹੀ ਵਿੱਚ ਬਹਿਰੀਨ ਦੀ ਇੱਕ ਮਹਿਲਾ ਨਾਲ ਜੁੜੇ ਮਾਮਲੇ ਨੂੰ ਜਨਤਕ ਤੌਰ ’ਤੇ ਉਠਾਇਆ ਸੀ ਅਤੇ ਦਾਅਵਾ ਕੀਤਾ ਸੀ ਕਿ ਹੋਰ ਵੀ ਕਈ ਔਰਤਾਂ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਆਪਣੇ ਤਜਰਬੇ ਸਾਂਝੇ ਕੀਤੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਇਨ੍ਹਾਂ ਮਾਮਲਿਆਂ ਸਬੰਧੀ ਹੋਰ ਜਾਣਕਾਰੀ ਅਤੇ ਸਬੂਤ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਨਗੇ। ਰੂਪ ਕੌਰ ਵੱਲੋਂ ਲਗਾਏ ਗਏ ਧਮਕੀਆਂ ਦੇ ਦੋਸ਼ਾਂ ਦੀ ਪੁਲਿਸ ਜਾਂਚ ਅਤੇ ਸੁਰੱਖਿਆ ਸਬੰਧੀ ਅਗਲੀ ਕਾਰਵਾਈ ’ਤੇ ਹੁਣ ਨਜ਼ਰ ਹੈ।


