SYL ਮੁਦੇ ਤੇ ਛੇਵੇਂ ਗੇੜ ਦੀ ਗੱਲਬਾਤ ਰਹੀ ਬੇਸਿੱਟਾ

News Online
3 Min Read

ਆਪਣਾ ਪੰਜਾਬ ਮੀਡੀਆ :  ਪੰਜਾਬ ਤੇ ਹਰਿਆਣਾ ਵਿਚਾਲੇ ਹੁਣ ਸਤਲੁਜ ਯਮੁਨਾ ਲਿੰਕ ਨਹਿਰ ਦੇ ਮਾਮਲੇ ’ਤੇ ਹੁਣ ਅਧਿਕਾਰੀ ਪੱਧਰ ਦੀ ਵਾਰਤਾ ਹੋਵੇਗੀ। ਇਹ ਫ਼ੈਸਲਾ ਅੱਜ ਇੱਥੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਵਿਚਾਲੇ ਹੋਈ ਮੀਟਿੰਗ ’ਚ ਲਿਆ ਗਿਆ। ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਹਮਰੁਤਬਾ ਨਾਇਬ ਸਿੰਘ ਸੈਣੀ ਵਿਚਾਲੇ ਕਰੀਬ ਇੱਕ ਘੰਟਾ ਮੀਟਿੰਗ ਚੱਲੀ। ਦੋਵੇਂ ਮੁੱਖ ਮੰਤਰੀਆਂ ਨੇ ਮੀਟਿੰਗ ਮਗਰੋਂ ਸਾਂਝੀ ਪ੍ਰੈੱਸ ਕਾਨਫ਼ਰੰਸ ’ਚ ਇਸ ਮਾਮਲੇ ’ਤੇ ਸਾਰਥਿਕ ਨਤੀਜੇ ਆਉਣ ਦੀ ਗੱਲ ਕਹੀ। ਦੋਵੇਂ ਮੁੱਖ ਮੰਤਰੀਆਂ ਨੇ ਕਿਹਾ ਕਿ ਅੱਜ ਸੁਖਾਵੇਂ ਮਾਹੌਲ ’ਚ ਸਾਰਥਿਕ ਗੱਲਬਾਤ ਹੋਈ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਸਤਲੁਜ ਯਮੁਨਾ ਲਿੰਕ ਨਹਿਰ ਦੇ ਮਾਮਲੇ ’ਤੇ ਅਧਿਕਾਰੀ ਪੱਧਰ ਦੀ ਨਿਰੰਤਰ ਗੱਲਬਾਤ ਸ਼ੁਰੂ ਹੋਵੇਗੀ ਅਤੇ ਦੋਵੇਂ ਸੂਬਿਆਂ ਦੇ ਅਧਿਕਾਰੀ ਮੀਟਿੰਗਾਂ ਦਾ ਵੇਰਵਾ ਸਾਂਝਾ ਕਰਨਗੇ ਜਿਸ ਦੇ ਆਧਾਰ ’ਤੇ ਦੋਵੇਂ ਸੂਬਿਆਂ ਦੇ ਮੁੱਖ ਮੰਤਰੀ ਅਗਲੇਰੀ ਗੱਲਬਾਤ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਅਧਿਕਾਰੀ ਪੱਧਰ ਦੀ ਗੱਲਬਾਤ ਮਸਲੇ ਦਾ ਹੱਲ ਕੱਢਣ ਦੀ ਨੀਅਤ ਨਾਲ ਹੋਵੇਗੀ। ਉਹ ਚਾਹੁੰਦੇ ਹਨ ਕਿ ਪੁਰਾਣਾ ਲਟਕਿਆ ਹੋਇਆ ਮਾਮਲਾ ਸੁਲਝ ਜਾਵੇ। ਮਾਨ ਨੇ ਕਿਹਾ ਕਿ ਕਿਸੇ ਦਾ ਹੱਕ ਨਹੀਂ ਮਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਇਹ ਪੁਰਾਣੇ ਬਜ਼ੁਰਗਾਂ ਦਾ ਉਲਝਾਇਆ ਮਸਲਾ ਹੈ।

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਚੰਗੇ ਮਾਹੌਲ ’ਚ ਹੋਈ ਗੱਲਬਾਤ ਦੇ ਨਤੀਜੇ ਵੀ ਸਾਰਥਿਕ ਆਉਣਗੇ। ਸੈਣੀ ਨੇ ਕਿਹਾ ਕਿ ਆਉਂਦੇ ਦਿਨਾਂ ’ਚ ਇਸ ਮਾਮਲੇ ’ਤੇ ਅਧਿਕਾਰੀ ਪੱਧਰ ਦੀ ਗੱਲਬਾਤ ਸ਼ੁਰੂ ਹੋਵੇਗੀ ਜਿਸ ਦੇ ਅਧਾਰ ’ਤੇ ਅੱਗੇ ਵਧਿਆ ਜਾਵੇਗਾ। ਮੁੱਖ ਮੰਤਰੀ ਮਾਨ ਨੇ ਸਤਲੁਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਬਾਰੇ ਪੁੱਛੇ ਇੱਕ ਸੁਆਲ ਦੇ ਜੁਆਬ ’ਚ ਕਿਹਾ ਕਿ ਪਹਿਲਾਂ ਪਾਣੀ ਦਾ ਮਸਲਾ ਤਾਂ ਨਿਬੇੜ ਲਈਏ, ਨਹਿਰ ਵੀ ਬਣਾ ਲਵਾਂਗੇ। ਮਾਨ ਨੇ ਕਿਹਾ ਕਿ ਅੱਜ ਮੀਟਿੰਗ ’ਚ ਦੋਵੇਂ ਸੂਬਿਆਂ ਨੇ ਆਪੋ ਆਪਣਾ ਪੱਖ ਰੱਖਿਆ ਹੈ।

ਕੇਂਦਰ ਪਹਿਲਾਂ ਹੀ ਪੰਜਾਬ ਹਰਿਆਣਾ ਦਰਮਿਆਨ ਵਿਚੋਲਗੀ ਤੋਂ ਭੱਜ ਚੁੱਕਾ ਹੈ ਅਤੇ ਕੇਂਦਰ ਨੇ ਦੋਵਾਂ ਸੂਬਿਆਂ ਨੂੰ ਆਪਸ ’ਚ ਮਿਲ ਬੈਠ ਕੇ ਮਾਮਲਾ ਨਜਿੱਠਣ ਦੀ ਨਸੀਹਤ ਦਿੱਤੀ ਸੀ। ਮੁੱਖ ਮੰਤਰੀ ਭਗਵੰਤ ਮਾਨ ਦੁਵੱਲੀ ਵਿਚਾਰ ਚਰਚਾ ’ਚ ਆਪਣੀ 16 ਮੈਂਬਰੀ ਟੀਮ ਨਾਲ ਮੀਟਿੰਗ ’ਚ ਸਨ। ਉਨ੍ਹਾਂ ਨਾਲ ਮੀਟਿੰਗ ’ਚ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਅਤੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਵੀ ਹਾਜ਼ਰ ਸਨ। ਉੱਧਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਅਧਿਕਾਰੀਆਂ ਸਮੇਤ ਹਾਜ਼ਰ ਰਹੇ।

Share This Article
Leave a Comment

Leave a Reply