ਲੱਖਾਂ ਰੁਪਏ ਖਰਚ ਕੇ ਗਿਆ ਸੀ ਵਿਦੇਸ਼
ਭੋਗਪੁਰ : ਆਪਣਾ ਪੰਜਾਬ ਮੀਡੀਆ : ਅਮਰੀਕਾ ਤੋਂ ਡਿਪੋਰਟ ਹੋ ਕੇ ਭੋਗਪੁਰ ਦਾ ਇਕ ਹੋਰ ਨੌਜਵਾਨ ਆਪਣੇ ਘਰ ਪਰਤ ਆਇਆ। ਇੱਥੋਂ ਦੇ ਵਾਰਡ ਨੰਬਰ 12 ਦਾ ਵਾਸੀ ਸਾਹਿਲ ਪੁੱਤਰ ਗੁਰਮੇਲ ਸਿੰਘ ਉਰਫ਼ ਗੋਲਾ ਲਗਪਗ ਮਹੀਨਾ ਪਹਿਲਾਂ ਲੱਖਾਂ ਰੁਪਏ ਖਰਚ ਕਰ ਕੇ ਟਰੈਵਲ ਏਜੰਟ ਰਾਹੀਂ ਅਮਰੀਕਾ ਗਿਆ ਸੀ। ਅਮਰੀਕਾ ਪਹੁੰਚਣ ਤੋਂ ਪਹਿਲਾਂ ਹੀ ਬਾਰਡਰ ਪਾਰ ਕਰਨ ਸਮੇਂ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਨੂੰ ਹਿਰਾਸਤੀ ਕੈਂਪ ਵਿੱਚ ਰੱਖਣ ਤੋਂ ਬਾਅਦ ਵਾਪਸ ਭਾਰਤ ਭੇਜ ਦਿੱਤਾ। ਅੱਜ ਸਾਹਿਲ ਨੂੰ ਏਐੱਸਆਈ ਸਤਨਾਮ ਸਿੰਘ ਸੈਣੀ ਨੇ ਪਰਿਵਾਰ ਦੇ ਹਵਾਲੇ ਕੀਤਾ।
ਰਾਹੁਲ ਨੇ ਦੱਸਿਆ ਕਿ ਉਸ ਦੇ ਪਿਤਾ ਗੁਰਮੇਲ ਸਿੰਘ ਉਰਫ਼ ਗੋਲਾ ਦੀ ਤਿੰਨ ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਵੱਡਾ ਭਰਾ ਰੋਹਿਤ ਅਮਰੀਕਾ ਰਹਿੰਦਾ ਹੈ, ਜਿਸ ਨੇ ਹੀ ਟਰੈਵਲ ਏਜੰਟ ਨਾਲ ਗੱਲਬਾਤ ਕਰਕੇ ਸਾਹਿਲ ਨੂੰ ਅਮਰੀਕਾ ਭੇਜਣ ਦੀ ਗੱਲ ਕੀਤੀ ਸੀ। ਰਾਹੁਲ ਦਾ ਇਹ ਵੀ ਕਹਿਣਾ ਕਿ ਉਸ ਨੂੰ ਟਰੈਵਲ ਏਜੰਟ ਦੇ ਨਾਂ ਅਤੇ ਥਾਂ ਟਿਕਾਣੇ ਬਾਰੇ ਕੁਝ ਨਹੀਂ ਪਤਾ। ਉਸ ਦਾ ਇਹ ਵੀ ਕਹਿਣਾ ਹੈ ਕਿ ਟਰੈਵਲ ਏਜੰਟ ਦਾ ਕੋਈ ਕਸੂਰ ਨਹੀਂ ਹੈ। ਉਸ ਨੇ ਦੱਸਿਆ ਕਿ ਸੋਸ਼ਲ ਮੀਡੀਆ ਅਤੇ ਪੱਤਰਕਾਰਾਂ ਤੋਂ ਡਰਦਾ ਹੋਇਆ ਸਾਹਿਲ ਸਵੇਰ ਦਾ ਹੀ ਕਿਸੇ ਰਿਸ਼ਤੇਦਾਰ ਕੋਲ ਚਲਾ ਗਿਆ ਹੈ।