ਮੁਲਜ਼ਮ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ
ਹਿਊਸਟਨ : ਆਪਣਾ ਪੰਜਾਬ ਮੀਡੀਆ : ਅਮਰੀਕਾ ਵਿੱਚ ਫਲੋਰਿਡਾ ਦੇ ਨਿੱਜੀ ਹਸਪਤਾਲ ਵਿੱਚ ਮਰੀਜ਼ ਨੇ ਭਾਰਤੀ ਮੂਲ ਦੀ ਨਰਸ ’ਤੇ ਹਮਲਾ ਕਰ ਦਿੱਤਾ। ਮਰੀਜ਼ ਨੇ 67 ਸਾਲਾ ਨਰਸ ਦੇ ਚਿਹਰੇ ’ਤੇ ਕਈ ਵਾਰ ਮੁੱਕੇ ਮਾਰੇ, ਜਿਸ ਕਾਰਨ ਉਸ ਦੀਆਂ ਅੱਖਾਂ ਦੀ ਰੋਸ਼ਨੀ ਜਾਣ ਦਾ ਖਦਸ਼ਾ ਹੈ। ਪੁਲੀਸ ਨੇ ਦੱਸਿਆ ਕਿ ਨਰਸ ਲੀਲਾ ਲਾਲ, ਜਿਸ ਨੂੰ ਲੀਲੰਮਾ ਲਾਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਤੇ ਫਲੋਰਿਡਾ ਦੇ ਵੈਸਟ ਪਾਮ ਬੀਚ ਦੇ ਪਾਮਸ ਵੈਸਟ ਹਸਪਤਾਲ ਦੇ ਮਨੋਰੋਗ ਵਾਰਡ ਵਿੱਚ 18 ਫਰਵਰੀ ਨੂੰ ਮਰੀਜ਼ ਸਟੀਫਨ ਐਰਿਕ ਸਕੈਂਟਲਬਰੀ (33) ਨੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੇ ਚਿਹਰੇ ਦੀਆਂ ਹੱਡੀਆਂ ਟੁੱਟ ਗਈਆਂ।
ਪੁਲੀਸ ਅਧਿਕਾਰੀ ਨੇ ਸਥਾਨਕ ਅਦਾਲਤ ਵਿੱਚ ਗਵਾਹੀ ਦਿੱਤੀ ਕਿ ਵੀਡੀਓ ਕਲਿੱਪ ਵਿੱਚ ਸਕੈਂਟਲਬਰੀ ਇਹ ਕਹਿੰਦਿਆਂ ਨਜ਼ਰ ਆ ਰਿਹਾ ਹੈ, ‘ਭਾਰਤੀ ਬੁਰੇ ਹਨ’ ਅਤੇ ‘ਮੈਂ ਹੁਣੇ ਹੁਣੇ ਭਾਰਤੀ ਡਾਕਟਰ ਦੀ ਕੁੱਟਮਾਰ ਕੀਤੀ ਹੈ। ਸਕੈਂਟਲਬਰੀ ’ਤੇ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਉਸ ’ਤੇ ਨਫ਼ਰਤ ਫੈਲਾਉਣ ਦਾ ਵੀ ਦੋਸ਼ ਹੈ। ਜੇ ਉਹ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਸਖ਼ਤ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।