1986 ‘ਚ ਚਾਰ ਸਿੱਖ ਨੌਜਵਾਨ ਪੰਜਾਬ ਪੁਲੀਸ ਦੀਆਂ ਗੋਲੀਆਂ ਨਾਲ ਹੋਏ ਸਨ ਸ਼ਹੀਦ
ਜਲੰਧਰ : ਆਪਣਾ ਪੰਜਾਬ ਮੀਡੀਆ : ਅਮਰੀਕੀ ਕਾਂਗਰਸ ਨੇ ਸਾਕਾ ਨਕੋਦਰ ਨੂੰ ਮਾਨਤਾ ਦੇਣ ਵਾਲਾ ਮਤਾ ਪਾਸ ਕਰ ਦਿੱਤਾ ਹੈ। ਪਾਸ ਹੋਏ ਮਤੇ ਦੀ ਕਾਪੀ ਸਾਕਾ ਨਕੋਦਰ ਦੇ ਸ਼ਹੀਦ ਹੋਏ ਸਿੱਖ ਨੌਜਵਾਨ ਦੇ ਮਾਪਿਆਂ ਨੂੰ ਕਾਂਗਰਸਮੈਨ ਜਿੰਮੀ ਪਾਨੇਟਾ ਨੇ ਅਮਰੀਕਾ ਦੇ ਸੈਨ ਹੋਜ਼ੇ ਦੇ ਗੁਰਦੁਆਰੇ ਵਿੱਚ ਵਿਸਾਖੀ ਦੇ ਸਮਾਗਮ ਦੌਰਾਨ ਭੇਟ ਕੀਤੀ। ਹਾਲਾਂਕਿ ਇਹ ਮਤਾ 6 ਫਰਵਰੀ ਨੂੰ ਪਾਸ ਕੀਤਾ ਗਿਆ ਸੀ। ਮਤੇ ਵਿੱਚ ਪੰਜਾਬ ਪੁਲੀਸ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ ਚਾਰ ਨੌਜਵਾਨਾਂ ਦਾ ਜ਼ਿਕਰ ਕੀਤਾ ਗਿਆ ਹੈ।
ਪਾਸ ਕੀਤੇ ਮਤੇ ਦੀ ਕਾਪੀ ਇਸ ਸਾਕੇ ਵਿੱਚ ਸ਼ਹੀਦ ਹੋਏ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਮਾਪਿਆਂ ਬਾਪੂ ਬਲਦੇਵ ਸਿੰਘ ਅਤੇ ਮਾਤਾ ਬਲਦੀਪ ਕੌਰ ਨੂੰ ਵੀ ਭੇਟ ਕੀਤੀ ਗਈ। ਦੁੱਖ ਦੀ ਗੱਲ ਹੈ ਕਿ ਬਾਕੀ ਦੇ ਤਿੰਨ ਸ਼ਹੀਦਾਂ ਦੇ ਮਾਪੇ ਆਪਣੇ ਪੁੱਤਰਾਂ ਨੂੰ ਇਨਸਾਫ਼ ਨਾ ਮਿਲਣ ਤੋਂ ਬਿਨਾਂ ਹੀ ਅਕਾਲ ਚਲਾਣਾ ਕਰ ਗਏ। ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਵਿੱਚ ਇਨ੍ਹਾਂ ਚਾਰੇ ਸਿੱਖ ਨੌਜਵਾਨਾਂ ਨੂੰ ਸ਼ਰਧਾਂਜਲੀ ਤਾਂ ਦਿੱਤੀ ਗਈ ਸੀ ਪਰ ਇਸ ਕਤਲੇਆਮ ਦੀ ਜਾਂਚ ਰਿਪੋਰਟ ਕਦੇ ਵੀ ਸਦਨ ਵਿੱਚ ਨਹੀਂ ਰੱਖੀ ਗਈ। ਕਾਬਲੇਗੌਰ ਹੈ ਕਿ 4 ਫਰਵਰੀ 1986 ਨੂੰ ਵਾਪਰਿਆ ਨਕੋਦਰ ਬੇਅਦਬੀ ਕਾਂਡ ਬਹੁਤ ਚਰਚਾ ਵਿੱਚ ਰਿਹਾ ਸੀ