ਟਰੂਡੋ ਤੇ ਸ਼ੀਨਬੌਮ ਨੇ ਟਰੰਪ ਨੂੰ ਅਮਰੀਕਾ ਨਾਲ ਲੱਗਦੀ ਸਰਹੱਦ ’ਤੇ ਸਖ਼ਤੀ ਦਾ ਦਿੱਤਾ ਭਰੋਸਾ
ਵਿਨੀਪੈਗ/ਵੈਨਕੂਵਰ : ਆਪਣਾ ਪੰਜਾਬ ਮੀਡੀਆ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਤੇ ਮੈਕਸਿਕੋ ਤੋਂ ਦਰਾਮਦ ਵਸਤਾਂ ’ਤੇ 25 ਫੀਸਦ ਟੈਕਸ ਲਾਉਣ ਦੇ ਆਪਣੇ ਫੈਸਲੇ ’ਤੇ ਅਗਲੇ 30 ਦਿਨਾਂ ਲਈ ਰੋਕ ਲਾ ਦਿੱਤੀ ਹੈ। ਟਰੰਪ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਮੈਕਸਿਕੋ ਦੀ ਆਪਣੀ ਹਮਰੁਤਬਾ ਕਲੌਡੀਆ ਸ਼ੀਨਬੌਮ ਨਾਲ ਗੱਲਬਾਤ ਮਗਰੋਂ ਇਹ ਫੈਸਲਾ ਲਿਆ ਹੈ। ਟਰੰਪ ਨੇ ਟੈਰਿਫ ਦੇ ਮੁੱਦੇ ਨੂੰ ਲੈ ਕੇ ਟਰੂਡੋ ਨਾਲ ਇਕ ਦਿਨ ਵਿਚ ਦੋ ਗੇੜ ਦੀ ਗੱਲਬਾਤ ਕੀਤੀ। ਜਾਣਕਾਰੀ ਮੁਤਾਬਕ ਕੈਨੇਡਾ ਤੇ ਮੈਕਸਿਕੋ ਨੇ ਅਮਰੀਕਾ ਵੱਲੋਂ ਟੈਰਿਫ ਦੀ ਸ਼ਰਤ ਹਟਾਉਣ ਬਦਲੇ ਅਮਰੀਕਾ ਨਾਲ ਲੱਗਦੀ ਆਪਣੀਆਂ ਸਰਹੱਦਾਂ ’ਤੇ ਸਖ਼ਤੀ ਦਾ ਭਰੋਸਾ ਦਿੱਤਾ ਹੈ।
ਉਂਝ ਅਜੇ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਅਮਰੀਕਾ ਵਲੋਂ ਚੀਨ ਤੋਂ ਦਰਾਮਦ ਵਸਤਾਂ ’ਤੇ ਲੱਗਣ ਵਾਲਾ 10 ਫੀਸਦ ਟੈਰਿਫ ਲਾਗੂ ਹੋਏਗਾ ਜਾਂ ਉਸ ਨੂੰ ਵੀ ਟਾਲ ਦਿੱਤਾ ਗਿਆ ਹੈ ? ਚੀਨ ਤੋਂ ਸਾਰਾ ਸਮਾਨ ਸਮੁੰਦਰੀ ਜਾਂ ਹਵਾਈ ਰਸਤੇ ਹੀ ਅਮਰੀਕਾ ਪਹੁੰਚਦਾ ਹੈ। ਚੇਤੇ ਰਹੇ ਕੈਨੇਡਾ, ਮੈਕਸਿਕੋ ਤੇ ਚੀਨ ’ਤੇ ਟੈਕਸ ਲਾਉਣ ਦੇ ਫੈਸਲੇ ਮਗਰੋਂ ਵਪਾਰਕ ਜੰਗ ਛਿੜਣ ਦੇ ਖ਼ਦਸ਼ਿਆਂ ਦਰਮਿਆਨ ਟਰੰਪ ਨੇ ਲੰਘੇ ਦਿਨ ਕੈਨੇਡਾ ਤੇ ਮੈਕਸਿਕੋ ਨਾਲ ਗੱਲਬਾਤ ਦੀ ਇੱਛਾ ਜਤਾਈ ਸੀ।