ਟੈਕਸਾਂ ਤੋਂ 100 ਅਰਬ ਡਾਲਰ ਮਾਲੀਆ ਮਿਲਣ ਦੀ ਆਸ
ਵਾਸ਼ਿੰਗਟਨ : ਆਪਣਾ ਪੰਜਾਬ ਮੀਡੀਆ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਰਾਮਦ ਹੋਣ ਵਾਲੇ ਵਾਹਨਾਂ ’ਤੇ 25 ਫ਼ੀਸਦ ਟੈਕਸ ਲਗਾਉਣ ਦਾ ਐਲਾਨ ਕੀਤਾ ਹੈ। ਵ੍ਹਾਈਟ ਹਾਊਸ ਦਾ ਦਾਅਵਾ ਹੈ ਕਿ ਇਸ ਕਦਮ ਨਾਲ ਘਰੇਲੂ ਮੈਨੂਫੈਕਚਰਿੰਗ ਨੂੰ ਹੱਲਾਸ਼ੇਰੀ ਮਿਲੇਗੀ ਪਰ ਆਲਮੀ ਸਪਲਾਈ ਚੇਨਾਂ ’ਤੇ ਨਿਰਭਰ ਵਾਹਨ ਨਿਰਮਾਤਾਵਾਂ ’ਤੇ ਵਿੱਤੀ ਦਬਾਅ ਪੈ ਸਕਦਾ ਹੈ। ਰਾਸ਼ਟਰਪਤੀ ਨੇ ਹੁਕਮਾਂ ’ਤੇ ਦਸਤਖ਼ਤ ਕਰਦਿਆਂ ਕਿਹਾ ਕਿ ਵਾਹਨਾਂ ’ਤੇ ਟੈਕਸ ਤਿੰਨ ਅਪਰੈਲ ਤੋਂ ਵਸੂਲਿਆ ਜਾਵੇਗਾ। ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ਇਸ ਨਾਲ ਵਿਕਾਸ ਦਰ ਵਧੇਗੀ। ਅਸੀਂ ਅਸਰਦਾਰ ਢੰਗ ਨਾਲ 25 ਫ਼ੀਸਦ ਟੈਕਸ ਲਾਵਾਂਗੇ। ਵ੍ਹਾਈਟ ਹਾਊਸ ਨੂੰ ਆਸ ਹੈ ਕਿ ਦਰਾਮਦ ਹੋਣ ਵਾਲੇ ਵਾਹਨਾਂ ’ਤੇ ਟੈਕਸਾਂ ਨਾਲ ਸਾਲਾਨਾ 100 ਅਰਬ ਡਾਲਰ ਦਾ ਮਾਲੀਆ ਮਿਲੇਗਾ। ਉਂਜ ਇਹ ਸੁਖਾਲਾ ਨਹੀਂ ਹੋਵੇਗਾ ਕਿਉਂਕਿ ਅਮਰੀਕੀ ਵਾਹਨ ਨਿਰਮਾਤਾ ਵੀ ਕਈ ਕਲਪੁਰਜ਼ੇ ਅਤੇ ਹੋਰ ਸਾਜ਼ੋ-ਸਾਮਾਨ ਦੁਨੀਆ ਭਰ ਤੋਂ ਖ਼ਰੀਦਦੇ ਹਨ। ਅਪਰੈਲ ਤੋਂ ਟੈਕਸਾਂ ’ਚ ਵਾਧੇ ਦਾ ਮਤਲਬ ਹੈ ਕਿ ਵਾਹਨ ਨਿਰਮਾਤਾਵਾਂ ਨੂੰ ਵਧੇਰੇ ਲਾਗਤ ਅਤੇ ਘੱਟ ਵਿਕਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।