ਨਿਊਯਾਰਕ : ਆਪਣਾ ਪੰਜਾਬ ਮੀਡੀਆ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਮੁਸਲਿਮ ਭਾਈਚਾਰੇ ਨਾਲ ਕੀਤੇ ਵਾਅਦੇ ਪੁਗਾ ਰਿਹਾ ਹੈ ਅਤੇ ‘‘ਪੱਛਮੀ ਏਸ਼ੀਆ ’ਚ ਸਥਾਈ ਸ਼ਾਂਤੀ ਸਥਾਪਤ ਕਰਨ ਲਈ ਅਣਥੱਕ ਕੋਸ਼ਿਸ਼ਾਂ ਕਰ ਰਿਹਾ ਹੈ। ਉਨ੍ਹਾਂ ਆਖਿਆ ਕਿ ਜਲਦੀ ਹੀ ਇਨ੍ਹਾਂ ਕੋਸ਼ਿਸ਼ਾਂ ਨੂੰ ਬੂਰ ਪਵੇਗਾ। ਟਰੰਪ ਨੇ ਇਹ ਟਿੱਪਣੀਆਂ ਅੱਜ ਵ੍ਹਾਈਟ ਹਾਊਸ ਵਿੱਚ ਸਾਲਾਨਾ ਇਫ਼ਤਾਰ ਦਾਅਵਤ ਦੀ ਮੇਜ਼ਬਾਨੀ ਮੌਕੇ ਕੀਤੀਆਂ। ਉਨ੍ਹਾਂ ਨੇ ਰਾਸ਼ਟਰਪਤੀ ਚੋਣਾਂ ’ਚ ਹਮਾਇਤ ਕਰਨ ਵਾਲੇ ‘‘ਲੱਖਾਂ ਮੁਸਲਿਮ-ਅਮਰੀਕੀਆਂ ਦਾ ਧੰਨਵਾਦ ਵੀ ਕੀਤਾ। ਇਹ ਇਫ਼ਤਾਰ ਪਾਰਟੀ ਅਜਿਹੇ ਸਮੇਂ ਹੋਈ ਹੈ ਜਦੋਂ ਪੱਛਮੀ ਏਸ਼ੀਆ ’ਚ ਇਜ਼ਰਾਈਲ ਤੇ ਹਮਾਸ ਵਿਚਾਲੇ ਜੰਗ ਚੱਲ ਰਹੀ ਹੈ। ਰਾਸ਼ਟਰਪਤੀ ਟਰੰਪ ਨੇ ਕਿਹਾ, ਰਮਜ਼ਾਨ ਦਾ ਪਵਿੱਤਰ ਮਹੀਨਾ ਹੈ ਅਤੇ ਮੈਂ ਆਪਣੇ ਮੁਸਲਿਮ ਦੋਸਤਾਂ ਨੂੰ ਰਮਜ਼ਾਨ ਦੀ ਵਧਾਈ ਦਿੰਦਾ ਹਾਂ। ਇਸ ਪ੍ਰੋਗਰਾਮ ’ਚ ਮੁਸਲਿਮ ਭਾਈਚਾਰੇ ਦੇ ਆਗੂ, ਡਿਪਲੋਮੈਟ ਤੇ ਸਰਕਾਰੀ ਅਧਿਕਾਰੀ ਸ਼ਾਮਲ ਹੋਏ।