ਕੇਂਦਰ ਨੂੰ ਕਿਸਾਨਾਂ ਨਾਲ ਮੀਟਿੰਗ 14 ਫਰਵਰੀ ਤੋਂ ਪਹਿਲਾਂ ਕਰਨ ਦੀ ਅਪੀਲ
ਚੰਡੀਗੜ੍ਹ/ਪਟਿਆਲਾ/ਪਾਤੜਾਂ : ਆਪਣਾ ਪੰਜਾਬ ਮੀਡੀਆ : ਕਿਸਾਨ ਮਜ਼ਦੂਰ ਮੋਰਚਾ ਨੇ ਕੇਂਦਰ ਵੱਲੋਂ ਮੀਟਿੰਗ ਦਾ ਸੱਦਾ ਮਿਲਣ ਦੇ ਮੱਦੇਨਜ਼ਰ 101 ਕਿਸਾਨਾਂ ਦੇ ਜਥੇ ਦਾ 21 ਜਨਵਰੀ ਨੂੰ ਦਿੱਲੀ ਕੂਚ ਕਰਨ ਦਾ ਪ੍ਰੋਗਰਾਮ 26 ਜਨਵਰੀ ਤੱਕ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ। ਮੋਰਚੇ ਨੇ ਕੇਂਦਰ ਨੂੰ ਮੁਜ਼ਾਹਰਾਕਾਰੀ ਕਿਸਾਨਾਂ ਨਾਲ 14 ਫਰਵਰੀ ਨੂੰ ਹੋਣ ਵਾਲੀ ਮੀਟਿੰਗ ਪਹਿਲਾਂ ਕਰਨ ਅਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਆਪਣਾ ਮਰਨ ਵਰਤ ਖਤਮ ਕਰਨ ਦੀ ਅਪੀਲ ਵੀ ਕੀਤੀ। ਸ਼ੰਭੂ ਬਾਰਡਰ ’ਤੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨਾਂ ਨਾਲ ਮੀਟਿੰਗ ਲਈ ਜੋ ਤਰੀਕ (14 ਫਰਵਰੀ) ਤੈਅ ਕੀਤੀ ਗਈ ਹੈ ਉਸ ’ਚ ਕਾਫੀ ਸਮਾਂ ਹੈ। ਪੰਧੇਰ ਨੇ ਕਿਹਾ, ‘ਸਰਕਾਰ ਨੇ ਮੀਟਿੰਗ ਲਈ ਬਹੁਤ ਸਮਾਂ ਲਗਾ ਦਿੱਤਾ ਹੈ। ਇਹ ਸਾਡੀ ਸ਼ਰਤ ਨਹੀਂ ਹੈ ਪਰ ਸਾਡੀ ਮੰਗ ਹੈ ਕਿ ਮੀਟਿੰਗ ਜਲਦੀ ਹੋਵੇ ਤੇ ਇਹ ਦਿੱਲੀ ਵਿੱਚ ਹੋਵੇ।’