ਅਮਰੀਕਾ ਦੀ ਇੱਕ ਅਦਾਲਤ ਨੇ ਰਿਸ਼ਵਤਖੋਰੀ ਮਾਮਲੇ ’ਚ ਭਾਰਤੀ ਕਾਰੋਬਾਰੀ ਗੌਤਮ ਅਡਾਨੀ ਤੇ ਹੋਰਾਂ ਖ਼ਿਲਾਫ਼ ਦਰਜ ਫੌਜਦਾਰੀ ਤੇ ਦੀਵਾਨੀ ਮਾਮਲਿਆਂ ਨੂੰ ਆਪਸ ’ਚ ਜੁੜਿਆ ਹੋਇਆ ਦੱਸਦਿਆਂ ਉਨ੍ਹਾਂ ਨੂੰ ਫੌਜਦਾਰੀ ਮਾਮਲਾ ਦੇਖ ਰਹੇ ਜਸਟਿਸ ਹਵਾਲੇ ਕਰ ਦਿੱਤਾ ਹੈ। ਅਮਰੀਕਾ ਵਿੱਚ ਨਿਊਯਾਰਕ ਪੂਰਬੀ ਜ਼ਿਲ੍ਹੇ ਦੀ ਜ਼ਿਲ੍ਹਾ ਅਦਾਲਤ ਦੀ ਵੈੱਬਸਾਈਟ ’ਤੇ ਪਾਏ ਹੁਕਮਾਂ ’ਚ ਕਿਹਾ ਗਿਆ ਹੈ ਕਿ ਅਡਾਨੀ ਤੇ ਹੋਰਾਂ ਨਾਲ ਸਬੰਧਤ ਤਿੰਨ ਮਾਮਲੇ ਜੁੜੇ ਹੋਏ ਹਨ।
ਇਸ ਕਾਰਨ ਇਸ ਮਾਮਲੇ ਨੂੰ ਜ਼ਿਲ੍ਹਾ ਜੱਜ ਨਿਕੋਲਸ ਗਰੌਫਿਸ ਨੂੰ ਸੌਂਪ ਦਿੱਤਾ ਗਿਆ ਹੈ। ਅਡਾਨੀ ਨੂੰ ਸੌਰ ਊਰਜਾ ਕਰਾਰ ਹਾਸਲ ਕਰਨ ਲਈ ਭਾਰਤੀ ਅਧਿਕਾਰੀਆਂ ਨੂੰ ਕਥਿਤ ਤੌਰ ’ਤੇ 25 ਕਰੋੜ ਡਾਲਰ ਦੀ ਰਿਸ਼ਵਤ ਦੇਣ ਦੇ ਸਾਲਾਂ ਪੁਰਾਣੇ ਕੇਸ ਵਿੱਚ ਉਨ੍ਹਾਂ ਦੀ ਭੂਮਿਕਾ ਲਈ ਅਮਰੀਕੀ ਨਿਆਂ ਵਿਭਾਗ ਕਦਮ ਚੁੱਕ ਰਿਹਾ ਹੈ।