ਮਾਛੀਵਾੜਾ : ਆਪਣਾ ਪੰਜਾਬ ਮੀਡੀਆ : ਅਮਰੀਕਾ ਤੋਂ ਡਿਪੋਰਟ ਹੋ ਕੇ ਪਿੰਡ ਪ੍ਰਿਥੀਪੁਰ ਦਾ ਨੌਜਵਾਨ ਸਿਮਰਨਜੀਤ ਸਿੰਘ ਬੇਸ਼ੱਕ ਆਪਣੇ ਘਰ ਪਰਤ ਆਇਆ ਪਰ ਉਹ ਮਾਨਸਿਕ ਤੌਰ ’ਤੇ ਕਾਫ਼ੀ ਪ੍ਰੇਸ਼ਾਨ ਹੈ। ਇਸੇ ਕਾਰਨ ਉਸ ਨੇ ਮੀਡੀਆ ਅੱਗੇ ਆਉਣ ਤੋਂ ਜਵਾਬ ਦੇ ਦਿੱਤਾ। ਫੋਨ ’ਤੇ ਗੱਲਬਾਤ ਕਰਦਿਆਂ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਉਹ ਕਰੀਬ 7 ਮਹੀਨੇ ਪਹਿਲਾਂ ਇੱਕ ਟਰੈਵਲ ਏਜੰਟ ਰਾਹੀਂ ਇਟਲੀ ’ਚ ਰੁਜ਼ਗਾਰ ਲਈ ਜਾਣਾ ਚਾਹੁੰਦਾ ਸੀ। ਮਜ਼ਦੂਰ ਪਿਤਾ ਨੇ ਕਰਜ਼ਾ ਚੁੱਕ ਕੇ ਉਸ ਨੂੰ ਵਿਦੇਸ਼ ਭੇਜਿਆ। ਸਿਮਰਨਜੀਤ ਸਿੰਘ ਨੇ ਦੱਸਿਆ ਕਿ ਉਹ ਇਟਲੀ ਤਾਂ ਨਹੀਂ ਪੁੱਜਿਆ ਪਰ ਰਾਹ ਵਿਚ ਪੈਂਦੇ ਸਪੇਨ ’ਚ ਕਈ ਮਹੀਨੇ ਰੁਕਿਆ ਜਿੱਥੇ ਉਸ ਨੇ ਏਜੰਟ ਦੀਆਂ ਮਿੰਨਤਾਂ ਵੀ ਕੀਤੀਆਂ ਕਿ ਉਸ ਨੂੰ ਇਟਲੀ ਪਹੁੰਚਾਵੇ। ਸਿਮਰਨਜੀਤ ਸਿੰਘ ਨੇ ਦੱਸਿਆ ਕਿ ਉਹ ਸਪੇਨ ਵਿਚ ਕਿਸੇ ਏਜੰਟ ਨਾਲ ਗੱਲਬਾਤ ਕਰ ਕੇ ਮਾਪਿਆਂ ਤੋਂ ਹੋਰ ਲੱਖਾਂ ਰੁਪਏ ਮੰਗਵਾ ਕੇ ਅਮਰੀਕਾ ਚਲਾ ਗਿਆ ਅਤੇ ਜਦੋਂ ਉਸ ਨੇ ਮੈਕਸਿਕੋ ਬਾਰਡਰ ’ਤੇ ਅਮਰੀਕਾ ਜਾਣ ਲਈ ਕੰਧ ਟੱਪੀ ਤਾਂ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।