ਮੀਟਿੰਗ ਦੌਰਾਨ ਬਿੱਲ ਨੂੰ ਲੈ ਕੇ ਸੱਤਾਧਾਰੀ ਧਿਰ ਅਤੇ ਵਿਰੋਧੀ ਪਾਰਟੀਆਂ ਵਿਚਾਲੇ ਚੱਲ ਰਹੀ ਹੈ ਤਿੱਖੀ ਬਹਿਸ
ਨਵੀਂ ਦਿੱਲੀ: ਆਪਣਾ ਪੰਜਾਬ ਮੀਡੀਆ: ਵਿਵਾਦਤ ਵਕਫ਼ (ਸੋਧ) ਬਿੱਲ ਚਰਚਾ ਤੇ ਪਾਸ ਕਰਨ ਲਈ ਬੁੱਧਵਾਰ ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਜਾਵੇਗਾ, ਜਿਸ ਨਾਲ ਸਰਕਾਰ ਅਤੇ ਪ੍ਰਸਤਾਵਿਤ ਕਾਨੂੰਨ ਨੂੰ ਗ਼ੈਰ-ਸੰਵਿਧਾਨਕ ਕਰਾਰ ਦੇਣ ਲਈ ਇੱਕਜੁੱਟ ਵਿਰੋਧੀ ਧਿਰ ਵਿਚਾਲੇ ਹੰਗਾਮਾ ਹੋਣ ਦੇ ਆਸਾਰ ਹਨ। ਵਕਫ਼ ਬਿੱਲ ਵਿੱਚ ਵਕਫ਼ ਜਾਇਦਾਦਾਂ ਦੇ ਪ੍ਰਬੰਧਨ ਅਤੇ ਪ੍ਰਸ਼ਾਸਨ ਵਿੱਚ ਸੁਧਾਰ ਦੀ ਤਜਵੀਜ਼ ਹੈ।
ਘੱਟਗਿਣਤੀਆਂ ਤੇ ਸੰਸਦੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਅੱਜ ਕਿਹਾ ਕਿ ਸਪੀਕਰ ਓਮ ਬਿਰਲਾ ਦੀ ਅਗਵਾਈ ਹੇਠ ਲੋਕ ਸਭਾ ਦੀ ਬਿਜਨੈੱਸ ਐਡਵਾਈਜ਼ਰੀ ਕਮੇਟੀ (ਬੀਏਸੀ) ਦੀ ਮੀਟਿੰਗ ਵਿੱਚ ਇਸ ਬਿੱਲ ’ਤੇ ਅੱਠ ਘੰਟੇ ਚਰਚਾ ਲਈ ਸਹਿਮਤੀ ਬਣੀ, ਜਿਸ ਨੂੰ ਸਦਨ ਦੀ ਰਾਇ ਮਗਰੋਂ ਵਧਾਇਆ ਜਾ ਸਕਦਾ ਹੈ। ਮੀਟਿੰਗ ਦੌਰਾਨ ਬਿੱਲ ਨੂੰ ਲੈ ਕੇ ਸੱਤਾਧਾਰੀ ਧਿਰ ਅਤੇ ਵਿਰੋਧੀ ਪਾਰਟੀਆਂ ਵਿਚਾਲੇ ਸੰਭਾਵੀ ਤਿੱਖੀ ਬਹਿਸ ਦੇ ਸੰਕੇਤ ਦਿਖਾਈ ਦਿੱਤੇ ਜਦੋਂ ਕਾਂਗਰਸ ਸਣੇ ਕਈ ਵਿਰੋਧੀ ‘ਇੰਡੀਆ’ ਗੱਠਜੋੜ ਦੇ ਮੈਂਬਰ ਸਰਕਾਰ ’ਤੇ ਉਨ੍ਹਾਂ ਦੀ ਆਵਾਜ਼ ਦਬਾਉਣ ਦਾ ਦੋਸ਼ ਲਾਉਂਦਿਆਂ ਮੀਟਿੰਗ ਵਿੱਚੋਂ ਬਾਹਰ ਚਲੇ ਗਏ। ਹਾਲਾਂਕਿ ਇਸ ਸਿਆਸੀ ਜਮੂਦ ਦਾ ਮੁੱਦੇ ’ਤੇ ਕੋਈ ਅਸਰ ਪੈਣ ਦੇ ਆਸਾਰ ਨਹੀਂ ਹਨ ਕਿਉਂਕਿ ਸੱਤਾਧਾਰੀ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਕੋਲ ਲੋਕ ਸਭਾ ’ਚ ਮੈਂਬਰਾਂ ਦੀ ਢੁੱਕਵੀਂ ਗਿਣਤੀ ਉਸ ਦੇ ਪੱਖ ਵਿੱਚ ਹੈ।