ਸਿੱਖਾਂ ਦੀਆਂ ਦਸਤਾਰਾਂ ਉਤਰਵਾਈਆਂ
ਅੰਮ੍ਰਿਤਸਰ : ਆਪਣਾ ਪੰਜਾਬ ਮੀਡੀਆ : ਅਮਰੀਕਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਰਹਿੰਦੇ ਪਰਵਾਸੀਆਂ ਨੂੰ ਦੇਸ਼ ’ਚੋਂ ਬਾਹਰ ਕੱਢਣ ਦੀ ਮੁਹਿੰਮ ਤਹਿਤ ਲੰਘੀ ਰਾਤ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਪੁੱਜੇ ਲਗਪਗ 116 ਪਰਵਾਸੀ ਭਾਰਤੀਆਂ ਨੂੰ ਮੁੜ ਹੱਥਕੜੀਆਂ ਲਾ ਕੇ ਅਤੇ ਸਿੱਖ ਵਿਅਕਤੀਆਂ ਨੂੰ ਦਸਤਾਰਾਂ ਉਤਰਵਾ ਕੇ ਅਮਰੀਕੀ ਜਹਾਜ਼ ਵਿੱਚ ਲਿਆਂਦਾ ਗਿਆ। ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਪੁੱਜਣ ਉਪਰੰਤ ਜਦੋਂ ਇਨ੍ਹਾਂ ਵਿਅਕਤੀਆਂ ਦੀ ਇਮੀਗ੍ਰੇਸ਼ਨ ਅਤੇ ਹੋਰ ਦਸਤਾਵੇਜ਼ ਸਬੰਧੀ ਜਾਂਚ ਚੱਲ ਰਹੀ ਸੀ ਤਾਂ ਇਨ੍ਹਾਂ ’ਚੋਂ ਕਈ ਵਿਅਕਤੀਆਂ ਨੂੰ ਹਵਾਈ ਅੱਡੇ ਦੇ ਅੰਦਰ ਨੰਗੇ ਸਿਰ ਦੇਖਿਆ ਗਿਆ। ਇਨ੍ਹਾਂ ਨੂੰ ਹਵਾਈ ਅੱਡੇ ਦੇ ਅੰਦਰ ਫਰਸ਼ ’ਤੇ ਇੱਕ ਥਾਂ ਬਿਠਾਇਆ ਹੋਇਆ ਸੀ ਅਤੇ ਪੁੱਛ-ਪੜਤਾਲ ਜਾਰੀ ਸੀ। ਇਨ੍ਹਾਂ ਗੱਲਾਂ ਦਾ ਖੁਲਾਸਾ ਇਨ੍ਹਾਂ ਨੌਜਵਾਨਾਂ ਵੱਲੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਹਰਭਜਨ ਸਿੰਘ ਈਟੀਓ ਨਾਲ ਗੱਲਬਾਤ ਦੌਰਾਨ ਹੋਇਆ। ਅਮਰੀਕਾ ਤੋਂ ਪਰਤੇ ਇਨ੍ਹਾਂ ਭਾਰਤੀਆਂ ਨੇ ਜਾਣਕਾਰੀ ਦਿੱਤੀ ਕਿ ਅਮਰੀਕੀ ਜਹਾਜ਼ ਵਿੱਚ ਉਨ੍ਹਾਂ ਨੂੰ ਹੱਥਕੜੀਆਂ ਲਾ ਕੇ ਲਿਆਂਦਾ ਗਿਆ ਹੈ।