ਮੁੱਖ ਸਕੱਤਰ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਮਿਲੀ ਹਰੀ ਝੰਡੀ
ਚੰਡੀਗੜ੍ਹ : ਆਪਣਾ ਪੰਜਾਬ ਮੀਡੀਆ : ‘ਆਪ’ ਸਰਕਾਰ ਜਲਦੀ ਹੀ ਰਣਜੀਤ ਸਾਗਰ ਝੀਲ ’ਚ ਜਲ-ਬੱਸ ਚਲਾਏਗੀ ਅਤੇ ਇਸ ਸਬੰਧੀ ਅਮਲ ਸ਼ੁਰੂ ਹੋ ਗਿਆ ਹੈ। ਮੁੱਖ ਸਕੱਤਰ ਦੀ ਅਗਵਾਈ ਹੇਠ ਪਿਛਲੇ ਦਿਨੀਂ ਉੱਚ ਪੱਧਰੀ ਮੀਟਿੰਗ ਹੋਈ ਸੀ, ਜਿਸ ’ਚ ਸੈਰ-ਸਪਾਟਾ ਵਿਭਾਗ, ਟਰਾਂਸਪੋਰਟ ਵਿਭਾਗ ਸਮੇਤ ਹੋਰ ਕਈ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ ਸਨ। ਇਸੇ ਮੀਟਿੰਗ ਦੌਰਾਨ ਜਲ-ਬੱਸ ਚਲਾਏ ਜਾਣ ਨੂੰ ਹਰੀ ਝੰਡੀ ਦੇ ਦਿੱਤੀ ਗਈ। ਇਸ ਮਗਰੋਂ ਸੈਰ-ਸਪਾਟਾ ਵਿਭਾਗ ਨੇ ਹਰੀਕੇ ਵਿਖੇ ਖੜ੍ਹੀ ਜਲ-ਬੱਸ ਦੀ ਚੈਕਿੰਗ ਕਰਵਾਈ ਹੈ। ਟਰਾਂਸਪੋਰਟ ਵਿਭਾਗ ਨੇ ਇਸ ਦੀ ਮੁਰੰਮਤ ਵਗੈਰਾ ਕਰ ਕੇ ਫਿਟਨੈੱਸ ਲਈ ਜ਼ੁਬਾਨੀ ਤੌਰ ’ਤੇ ਪ੍ਰਵਾਨਗੀ ਦੇ ਦਿੱਤੀ ਹੈ। ਇਸ ਜਲ-ਬੱਸ ਨੂੰ ਰਣਜੀਤ ਸਾਗਰ ਝੀਲ ’ਚ ਚਲਾਏ ਜਾਣ ਤੋਂ ਪਹਿਲਾਂ ਜੰਗਲਾਤ ਵਿਭਾਗ ਤੋਂ ਵੀ ਮਸ਼ਵਰਾ ਲਿਆ ਜਾ ਰਿਹਾ ਹੈ।