“ਸਾਨੂੰ ਢੁੱਕਵਾਂ ਜਵਾਬ ਦੇਣ ਦਾ ਪੂਰਾ ਅਧਿਕਾਰ, ਅਸੀਂ ਦੁਸ਼ਮਣ ਨੂੰ ਕਦੇ ਵੀ ਉਸ ਦੇ ਨਾਪਾਕ ਇਰਾਦਿਆਂ ਵਿੱਚ ਸਫਲ ਨਹੀਂ ਹੋਣ ਦੇਵਾਂਗੇ : PM ਸ਼ਰੀਫ਼
ਅਗਲੇ 48 ਘੰਟਿਆਂ ਲਈ ਹਵਾਈ ਖੇਤਰ ਮੁਕੰਮਲ ਤੌਰ ’ਤੇ ਬੰਦ
ਇਸਲਾਮਾਬਾਦ : ਆਪਣਾ ਪੰਜਾਬ ਮੀਡੀਆ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਬੁੱਧਵਾਰ ਵੱਡੇ ਤੜਕੇ ਮਕਬੂਜ਼ਾ ਕਸ਼ਮੀਰ ਅਤੇ ਪੰਜਾਬ ਸੂਬੇ ਵਿੱਚ ਅਤਿਵਾਦੀ ਟਿਕਾਣਿਆਂ ’ਤੇ ਭਾਰਤੀ ਮਿਜ਼ਾਈਲ ਹਮਲਿਆਂ ਨੂੰ ‘ਜੰਗੀ ਕਾਰਵਾਈ’ ਕਰਾਰ ਦਿੱਤਾ ਹੈ।ਪ੍ਰਧਾਨ ਮੰਤਰੀ ਸ਼ਰੀਫ ਨੇ ਕਿਹਾ ਕਿ ਭਾਰਤ ਨੇ ਪਾਕਿਸਤਾਨ ਵਿੱਚ ਪੰਜ ਥਾਵਾਂ ’ਤੇ ਹਮਲੇ ਕੀਤੇ ਹਨ। ਸ਼ਰੀਫ਼ ਨੇ ਬਿਆਨ ਵਿਚ ਕਿਹਾ, ‘‘ਪਾਕਿਸਤਾਨ ਨੂੰ ਭਾਰਤ ਵੱਲੋਂ ਥੋਪੀ ਗਈ ਇਸ ਜੰਗ ਦਾ ਢੁਕਵਾਂ ਜਵਾਬ ਦੇਣ ਦਾ ਪੂਰਾ ਅਧਿਕਾਰ ਹੈ, ਅਤੇ ਸੱਚਮੁੱਚ ਇੱਕ ਸਖ਼ਤ ਜਵਾਬ ਦਿੱਤਾ ਜਾਵੇਗਾ।ਪੀਐਮ ਸ਼ਰੀਫ ਨੇ ਕਿਹਾ ਕਿ ਉਨ੍ਹਾਂ ਦੀਆਂ ਹਥਿਆਰਬੰਦ ਫੌਜਾਂ ‘ਦੁਸ਼ਮਣ ਨਾਲ ਕਿਵੇਂ ਨਜਿੱਠਣਾ ਹੈ, ਇਹ ਚੰਗੀ ਤਰ੍ਹਾਂ ਜਾਣਦੀਆਂ ਹਨ।ਉਨ੍ਹਾਂ ਕਿਹਾ, ‘‘ਅਸੀਂ ਦੁਸ਼ਮਣ ਨੂੰ ਕਦੇ ਵੀ ਉਸ ਦੇ ਨਾਪਾਕ ਇਰਾਦਿਆਂ ਵਿੱਚ ਸਫਲ ਨਹੀਂ ਹੋਣ ਦੇਵਾਂਗੇ।ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਸਵੇਰੇ 10 ਵਜੇ ਕੌਮੀ ਸੁਰੱਖਿਆ ਪ੍ਰੀਸ਼ਦ ਦੀ ਮੀਟਿੰਗ ਸੱਦ ਲਈ ਹੈ। ਪਾਕਿਸਤਾਨ ਨੇ ਅਗਲੇ 48 ਘੰਟਿਆਂ ਲਈ ਆਪਣਾ ਹਵਾਈ ਖੇਤਰ ਮੁਕੰਮਲ ਤੌਰ ’ਤੇ ਹਵਾਈ ਆਵਾਜਾਈ ਲਈ ਬੰਦ ਕਰ ਦਿੱਤਾ ਹੈ।