ਕਿਸਾਨ ਆਗੂਆਂ ਨੇ ਸ਼ੰਭੂ ਮੋਰਚੇ ’ਤੇ ਪ੍ਰੈੱਸ ਕਾਨਫਰੰਸ ਦੌਰਾਨ ਿਦੱਤੀ ਜਾਣਕਾਰੀ
ਸ਼ੰਭੂ ਬਾਰਡਰ/ ਪਾਤੜਾਂ : ਆਪਣਾ ਪੰਜਾਬ ਮੀਡੀਆ : ਸ਼ੰਭੂ ਤੇ ਢਾਬੀਗੁੱਜਰਾਂ (ਖਨੌਰੀ) ਬਾਰਡਰਾਂ ’ਤੇ ਗਿਆਰਾਂ ਮਹੀਨਿਆਂ ਤੋਂ ਜਾਰੀ ‘ਕਿਸਾਨ ਅੰਦੋਲਨ-2’ ਦੀ ਕੜੀ ਵਜੋਂ 101 ਕਿਸਾਨਾਂ ਦਾ ਚੌਥਾ ਜਥਾ 21 ਜਨਵਰੀ ਨੂੰ ਦਿੱਲੀ ਵੱਲ ਪੈਦਲ ਕੂਚ ਕਰੇਗਾ। ਜਥੇ ਦੀ ਅਗਵਾਈ ਮਨਜੀਤ ਸਿੰਘ ਰਾਏ ਅਤੇ ਬਲਵੰਤ ਸਿੰਘ ਬਹਿਰਾਮਕੇ ਵੱਲੋਂ ਕੀਤੀ ਜਾਵੇਗੀ। ਕਿਸਾਨ ਆਗੂਆਂ ਨੇ ਆਪਣੇ ਅੰਦੋਲਨ ਦੀ ਧਾਰ ਹੋਰ ਤਿੱਖੀ ਕਰਦਿਆਂ ਇਹ ਚੌਥਾ ਜਥਾ ਦਿੱਲੀ ਰਵਾਨਾ ਕਰਨ ਦਾ ਫੈਸਲਾ ਕੀਤਾ ਹੈ।
ਇਸ ਤੋਂ ਪਹਿਲਾਂ ਕਿਸਾਨਾਂ ਨੇ ਸ਼ੰਭੂ ਬਾਰਡਰ ਤੋਂ 6, 8 ਅਤੇ 14 ਦਸੰਬਰ ਨੂੰ ਪੈਦਲ ਅਤੇ ਸ਼ਾਂਤਮਈ ਤਰੀਕੇ ਨਾਲ ਦਿੱਲੀ ਵੱਲ ਕੂਚ ਕੀਤਾ ਸੀ, ਪਰ ਹਰ ਵਾਰੀ ਉਨ੍ਹਾਂ ਨੂੰ ਹਰਿਆਣਾ ਪੁਲੀਸ ਵੱਲੋਂ ਬਾਰਡਰ ’ਤੇ ਕੀਤੀ ਗਈ ਜ਼ਬਰਦਸਤ ਬੈਰੀਕੇਡਿੰਗ ’ਤੇ ਹੀ ਰੋਕ ਲਿਆ ਜਾਂਦਾ ਰਿਹਾ। ਇਸ ਦੌਰਾਨ ਪੁਲੀਸ ਨੇ ਕਿਸਾਨਾਂ ਖਿਲਾਫ਼ ਅੱਥਰੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਸਮੇਤ ਪਾਣੀ ਦੀਆਂ ਬੁਛਾੜਾਂ ਦੀ ਵੀ ਵਰਤੋਂ ਕੀਤੀ। ਇਨ੍ਹਾਂ ਤਿੰਨਾਂ ਕੋਸ਼ਿਸ਼ਾਂ ਦੌਰਾਨ ਸੌ ਦੇ ਕਰੀਬ ਕਿਸਾਨ ਜ਼ਖ਼ਮੀ ਹੁੰਦੇ ਰਹੇ। ਉਪਰੰਤ ‘ਪੰਜਾਬ ਬੰਦ’ ਅਤੇ ‘ਕਿਸਾਨ ਮਹਾਪੰਚਾਇਤ’ ਸਮੇਤ ਦਿੱਤੇ ਗਏ ਕੁਝ ਹੋਰਨਾਂ ਸੱਦਿਆਂ ਕਰਕੇ ਜਥੇ ਭੇਜਣ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਸੀ।