ਨਵੀਂ ਦਿੱਲੀ/ਮੁੰਬਈ/ਨਿਊਯਾਰਕ : ਆਪਣਾ ਪੰਜਾਬ ਮੀਡੀਆ : ਸਾਲ 2008 ਦੇ ਮੁੰਬਈ ਦਹਿਸ਼ਤੀ ਹਮਲਿਆਂ ਦੇ ਇਕ ਦੋਸ਼ੀ ਪਾਕਿਸਤਾਨੀ-ਕੈਨੇਡੀਅਨ ਤਹੱਵੁਰ ਰਾਣਾ ਨੂੰ ਛੇਤੀ ਹੀ ਭਾਰਤ ਹਵਾਲੇ ਕੀਤਾ ਜਾ ਸਕਦਾ ਹੈ। ਕੌਮੀ ਜਾਂਚ ਏਜੰਸੀ (ਐੱਨਆਈਏ) ਅਤੇ ਮੁੰਬਈ ਪੁਲੀਸ ਦੀ ਅਪਰਾਧ ਸ਼ਾਖਾ ਨੇ ਅੱਜ ਇਸ ਦੀ ਪੁਸ਼ਟੀ ਕੀਤੀ ਹੈ। ਅਮਰੀਕਾ ਦੀ ਇਕ ਸੰਘੀ ਅਪੀਲ ਅਦਾਲਤ ਵੱਲੋਂ ਪਿਛਲੇ ਸਾਲ ਅਗਸਤ ’ਚ ਰਾਣਾ ਦੀ ਅਪੀਲ ਖਾਰਜ ਕੀਤੇ ਜਾਣ ਮਗਰੋਂ ਹਵਾਲਗੀ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ ਹੈ।
ਕੈਲੀਫੋਰਨੀਆ ਆਧਾਰਿਤ ਨਾਈਂਨਥ ਸਰਕਟ ਕੋਰਟ ਆਫ਼ ਅਪੀਲਜ਼ ਨੇ ਹੇਠਲੀ ਸੰਘੀ ਅਦਾਲਤ ਦੇ ਹਵਾਲਗੀ ਦੀ ਮਨਜ਼ੂਰੀ ਸਬੰਧੀ ਸੁਣਾਏ ਫ਼ੈਸਲੇ ਨੂੰ ਬਹਾਲ ਰੱਖਿਆ ਅਤੇ ਭਾਰਤ ਤੇ ਅਮਰੀਕਾ ਵਿਚਕਾਰ 1997 ਦੀ ਹਵਾਲਗੀ ਸੰਧੀ ਦਾ ਜ਼ਿਕਰ ਕੀਤਾ। ਸ਼ਿਕਾਗੋ ’ਚ ਰਹਿੰਦੇ ਕੈਨੇਡੀਅਨ ਨਾਗਰਿਕ ਰਾਣਾ ਨੂੰ 2009 ’ਚ ਡੈਨਿਸ਼ ਅਖ਼ਬਾਰ ਨੂੰ ਬੰਬ ਨਾਲ ਉਡਾਉਣ ਦੀ ਸਾਜ਼ਿਸ਼ ਦੇ ਦੋਸ਼ ਹੇਠ ਅਮਰੀਕਾ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਨੇ ਪੈਗ਼ੰਬਰ ਮੁਹੰਮਦ ਦੀ ਇਤਰਾਜ਼ਯੋਗ ਤਸਵੀਰ ਪ੍ਰਕਾਸ਼ਿਤ ਕੀਤੀ ਸੀ।
ਉਸ ਨੂੰ ਮੁੰਬਈ ਹਮਲੇ ਦੇ ਦੋਸ਼ ਤੋਂ ਬਰੀ ਕਰ ਦਿੱਤਾ ਗਿਆ ਸੀ ਪਰ ਬਾਕੀ ਦੋ ਮਾਮਲਿਆਂ ’ਚ ਉਸ ਨੂੰ 14 ਵਰ੍ਹਿਆਂ ਦੀ ਸਜ਼ਾ ਹੋਈ ਹੈ। ਅਪੀਲ ਅਦਾਲਤ ਨੇ ਫ਼ੈਸਲੇ ’ਚ ਕਿਹਾ ਕਿ ਉਸ ਦੇ ਮੁੰਬਈ ਹਮਲੇ ਦੇ ਦੋਸ਼ ਤੋਂ ਬਰੀ ਹੋਣ ਨਾਲ ਉਸ ਦੀ ਹਵਾਲਗੀ ’ਤੇ ਕੋਈ ਅਸਰ ਨਹੀਂ ਪਵੇਗਾ ਕਿਉਂਕਿ ਉਸ ’ਤੇ ਭਾਰਤ ’ਚ ਕਈ ਹੋਰ ਮਾਮਲੇ ਚੱਲ ਰਹੇ ਹਨ।