ਕਾਂਗਰਸੀ ਵਿਧਾਇਕਾਂ ਵੱਲੋਂ ਰਾਜਪਾਲ ਦੇ ਭਾਸ਼ਣ ਦਾ ਬਾਈਕਾਟ
ਚੰਡੀਗੜ੍ਹ : ਆਪਣਾ ਪੰਜਾਬ ਮੀਡੀਆ : ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਭਾਸ਼ਣ ਨਾਲ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਆਗਾਜ਼ ਹੋ ਗਿਆ। ਰਾਜਪਾਲ ਦੇ ਭਾਸ਼ਣ ਦੌਰਾਨ ਹੀ ਵਿਰੋਧੀ ਧਿਰ ਕਾਂਗਰਸ ਨੇ ਹੰਗਾਮਾ ਕੀਤਾ। ਰਾਜਪਾਲ ਆਪਣੇ ਭਾਸ਼ਣ ਦੌਰਾਨ ਜਿਵੇਂ ਹੀ ਸਿੱਖਿਆ ’ਤੇ ਬੋਲਣ ਲੱਗੇ ਤਾਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਖੜੇ ਹੋ ਕੇ ਉਸ ਦਾ ਵਿਰੋਧ ਕੀਤਾ। ਇਸ ਦੌਰਾਨ ਸਾਰੇ ਹੀ ਕਾਂਗਰਸੀ ਵਿਧਾਇਕਾਂ ਨੇ ਵਿਧਾਨ ਸਭਾ ਵਿੱਚ ਸੂਬਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਕਾਂਗਰਸੀ ਵਿਧਾਇਕਾਂ ਨੇ ਜੈ ਜਵਾਨ ਜੈ ਕਿਸਾਨ ਦੇ ਨਾਅਰੇ ਲਗਾਏ। ਕਾਂਗਰਸੀ ਵਿਧਾਇਕ ਰਾਜਪਾਲ ਦੇ ਭਾਸ਼ਣ ਦੌਰਾਨ ਹੀ ਸਦਨ ’ਚੋਂ ਵਾਕਆਊਟ ਕਰ ਗਏ। ਪ੍ਰਤਾਪ ਸਿੰਘ ਬਾਜਵਾ ਨੇ ਸਦਨ ਦੇ ਬਾਹਰ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਜਪਾਲ ਦਾ ਭਾਸ਼ਣ ਝੂਠ ਦਾ ਪੁਲੰਦਾ ਹੈ ਤੇ ਇਸ ਵਿਚ ਕੁਝ ਵੀ ਸੱਚ ਨਹੀਂ ਹੈ। ਬਾਜਵਾ ਨੇ ਕਿਹਾ ਕਿ ਪੰਜਾਬ ਵਿੱਚ ਜਵਾਨ ਸੁਰੱਖਿਅਤ ਨਹੀਂ ਹੈ।