ਨਵੀਂ ਦਿੱਲੀ : ਆਪਣਾ ਪੰਜਾਬ ਮੀਡੀਆ : ਭਾਜਪਾ ਉਮੀਦਵਾਰਾਂ ਦੁਸ਼ਯੰਤ ਕੁਮਾਰ ਗੌਤਮ, ਰਾਜਕੁਮਾਰ ਆਨੰਦ, ਐਡਵੋਕੇਟ ਪ੍ਰਿਯੰਕਾ ਗੌਤਮ, ਰਿੰਕੂ ਕੁਮਾਰੀ, ਖੁਸ਼ੀ ਰਾਮ ਚੁਨਾਰ, ਦੀਪਕ ਬਾਲਮੀਕੀ, ਦੀਪਤੀ ਇੰਦੌਰਾ ਅਤੇ ਕਮਲ ਬਾਗਦੀ ਦੇ ਤਾਲਮੇਲ ਵਿੱਚ ਅੰਮ੍ਰਿਤਸਰ (ਪੰਜਾਬ) ਵਿੱਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਭੰਨ-ਤੋੜ ਬਾਰੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੁੱਪ ’ਤੇ ਸਵਾਲ ਚੁੱਕੇ ਹਨ। ਇੱਥੇ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਭਾਜਪਾ ਉਮੀਦਵਾਰਾਂ ਨੇ ਦੋਸ਼ ਲਾਇਆ ਕਿ ਇਸ ਚੁੱਪ ਤੋਂ ਆਮ ਆਦਮੀ ਪਾਰਟੀ ਦਾ ਦਲਿਤ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਅੱਜ ਕੇਜਰੀਵਾਲ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਬਾਰੇ ਨਹੀਂ ਬੋਲ ਰਹੇ ਤਾਂ ਕੱਲ੍ਹ ਜੇਕਰ ਦਲਿਤ ਭਾਈਚਾਰੇ ਦੇ ਕਿਸੇ ਵੀ ਵਿਧਾਇਕ ਨੂੰ ਕੁਝ ਹੋ ਗਿਆ ਤਾਂ ਉਹ ਵੀ ਚੁੱਪ-ਚਾਪ ਬੈਠ ਜਾਣਗੇ। ਭਾਜਪਾ ਉਮੀਦਵਾਰਾਂ ਨੇ ‘ਆਪ’ ਦੇ ਪਹਿਲੇ ਦਲਿਤ ਆਗੂ ਮਰਹੂਮ ਸੰਤੋਸ਼ ਕੋਲੀ ਲਈ ਇਨਸਾਫ਼ ਦੀ ਮੰਗ ਕੀਤੀ।