‘ਆਪ’ ਸਰਕਾਰ ’ਤੇ ਕਾਂਗਰਸੀ ਕੌਂਸਲਰਾਂ ਨੂੰ ਧਮਕਾਉਣ ਦਾ ਦੋਸ਼
ਚੰਡੀਗੜ੍ਹ : ਆਪਣਾ ਪੰਜਾਬ ਮੀਡੀਆ : ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਤੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਅਤੇ ਨਗਰ ਪੰਚਾਇਤ ਨਡਾਲਾ ਦੇ ਕਾਂਗਰਸੀ ਕੌਂਸਲਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਦਖ਼ਲ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਨਡਾਲਾ ਨਗਰ ਪੰਚਾਇਤ ਦੀ ਪ੍ਰਧਾਨਗੀ ਲਈ 3 ਫਰਵਰੀ ਨੂੰ ਚੋਣ ਹੋ ਰਹੀ ਹੈ ਅਤੇ ਸਿਵਲ ਤੇ ਪੁਲੀਸ ਪ੍ਰਸ਼ਾਸਨ ਵੱਲੋਂ ਕਾਂਗਰਸੀ ਕੌਂਸਲਰਾਂ ’ਤੇ ਸੱਤਾਧਾਰੀ ਧਿਰ ਦੇ ਪੱਖ ਵਿੱਚ ਭੁਗਤਣ ਲਈ ਦਬਾਅ ਪਾਇਆ ਜਾ ਰਿਹਾ ਹੈ।
ਖਹਿਰਾ ਨੇ ਮੰਗ ਪੱਤਰ ਵਿੱਚ ਕਿਹਾ ਕਿ ਕਾਂਗਰਸੀ ਕੌਂਸਲਰਾਂ ਨੂੰ ਧਮਕਾਇਆ ਜਾ ਰਿਹਾ ਹੈ। ਇਸੇ ਕੜੀ ਤਹਿਤ ਕੌਂਸਲਰ ਮਨਜੀਤ ਕੌਰ ਨੂੰ ਗ਼ੈਰ-ਕਾਨੂੰਨੀ ਨੋਟਿਸ ਵੀ ਜਾਰੀ ਕੀਤਾ ਗਿਆ ਅਤੇ ਪ੍ਰੇਸ਼ਾਨ ਕਰਨ ਲਈ ਉਨ੍ਹਾਂ ਦੇ ਇੱਕ ਰਿਜ਼ੌਰਟ ਨੂੰ ਬਹਾਨਾ ਬਣਾਇਆ ਗਿਆ ਹੈ। ਉਨ੍ਹਾਂ ਨੇ ਖ਼ੁਦ ਸਮੇਂ-ਸਮੇਂ ’ਤੇ ਭਗਵੰਤ ਮਾਨ ਸਰਕਾਰ ਦੇ ਗ਼ੈਰ-ਸੰਵਿਧਾਨਿਕ ਢੰਗਾਂ ਨੂੰ ਉਜਾਗਰ ਕੀਤਾ ਹੈ ਅਤੇ ਹਾਈ ਕੋਰਟ ਨੇ ਵੀ ਇਨ੍ਹਾਂ ਗ਼ੈਰ-ਕਾਨੂੰਨੀ ਕਦਮਾਂ ਨੂੰ ਰੋਕਿਆ ਹੈ। ਖਹਿਰਾ ਨੇ ਰਾਜਪਾਲ ਸ੍ਰੀ ਕਟਾਰੀਆ ਤੋਂ ਮੰਗ ਕੀਤੀ ਕਿ 3 ਫਰਵਰੀ ਨੂੰ ਨਡਾਲਾ ਨਗਰ ਪੰਚਾਇਤ ਦੇ ਪ੍ਰਧਾਨ ਦੀ ਚੋਣ ਇੱਕ ਸੇਵਾਮੁਕਤ ਨਿਆਂਇਕ ਅਧਿਕਾਰੀ ਦੀ ਨਿਗਰਾਨੀ ਹੇਠ ਬਤੌਰ ਸੁਤੰਤਰ ਆਬਜ਼ਰਵਰ ਵਜੋਂ ਚੋਣ ਹੋਵੇ।