ਤਿੰਨ ਘੰਟੇ ਦੇਰ ਨਾਲ ਪੁੱਜਣ ’ਤੇ ਨਾਰਾਜ਼ ਹੋਏ ਦਰਸ਼ਕਾਂ ਨੇ ਪਾਇਆ ਰੌਲਾ
ਆਸਟ੍ਰੇਲੀਆ ਦੇ ਮੈਲਬੌਰਨ ’ਚ ਅਪਣੇ ਸੰਗੀਤ ਸਮਾਰੋਹ ’ਚ ਕਥਿਤ ਤੌਰ ’ਤੇ ਤਿੰਨ ਘੰਟੇ ਦੇਰੀ ਨਾਲ ਪਹੁੰਚਣ ’ਤੇ ਗਾਇਕਾ ਨੇਹਾ ਕੱਕੜ ਰੋ ਪਈ ਅਤੇ ਉਸ ਨੂੰ ਅਪਣੇ ਪ੍ਰਸ਼ੰਸਕਾਂ ਤੋਂ ਮੁਆਫੀ ਮੰਗਣੀ ਪਈ। ਇਕ ਯੂਜ਼ਰ ਵਲੋਂ ਰੈਡਿਟ ’ਤੇ ਪੋਸਟ ਕੀਤੀ ਗਈ ਵੀਡੀਉ ’ਚ ਗਾਇਕ ਸਟੇਜ ’ਤੇ ਰੋਂਦੀ ਨਜ਼ਰ ਆ ਰਹੀ ਹੈ, ਜਦਕਿ ਕੁੱਝ ਦਰਸ਼ਕਾਂ ਨੇ ਸੰਗੀਤ ਸਮਾਰੋਹ ਲਈ ਦੇਰ ਨਾਲ ਪਹੁੰਚਣ ’ਤੇ ਰੌਲਾ ਪਾਇਆ। ਵੀਡੀਉ ’ਚ ਕੁੱਝ ਲੋਕਾਂ ਨੂੰ ‘ਵਾਪਸ ਜਾਓ’ ਚੀਕਦਿਆਂ ਸੁਣਿਆ ਜਾ ਸਕਦਾ ਹੈ, ਜਿਸ ਤੋਂ ਬਾਅਦ ਨੇਹਾ ਕੱਕੜ ਨੇ ਦਰਸ਼ਕਾਂ ਨੂੰ ਸੰਬੋਧਨ ਕਰਨ ਲਈ ਮਾਈਕ ਲਿਆ।
36 ਸਾਲ ਦੀ ਗਾਇਕਾ ਨੇ ਕਿਹਾ, ‘‘ਤੁਸੀਂ ਸੱਚਮੁੱਚ ਸਬਰ ਵਾਲੇ ਰਹੇ ਹੋ। ਮੈਨੂੰ ਲੇਟ ਆਉਣ ਤੋਂ ਨਫ਼ਰਤ ਹੈ। ਮੈਂ ਅਪਣੀ ਪੂਰੀ ਜ਼ਿੰਦਗੀ ’ਚ ਕਦੇ ਕਿਸੇ ਨੂੰ ਉਡੀਕ ਨਹੀਂ ਕਰਵਾਈ। ਪਰ ਤੁਸੀਂ ਇੰਨੇ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹੋ। ਮੈਨੂੰ ਬਹੁਤ ਅਫਸੋਸ ਹੈ। ਤੁਸੀਂ ਹੀ ਮੇਰਾ ਸੰਸਾਰ ਹੋ। ਤੁਸੀਂ ਲੋਕ ਬਹੁਤ ਚੰਗੇ ਹੋ। ਮੈਂ ਚਿੰਤਤ ਸੀ ਕਿ ਕੀ ਹੋਵੇਗਾ। ਇਹ ਮੇਰੇ ਲਈ ਬਹੁਤ ਅਰਥ ਰੱਖਦਾ ਹੈ। ਮੈਂ ਇਸ ਸ਼ਾਮ ਨੂੰ ਹਮੇਸ਼ਾ ਯਾਦ ਰੱਖਾਂਗੀ। ਪਰ ਮੈਂ ਇਹ ਯਕੀਨੀ ਬਣਾਵਾਂਗੀ ਕਿ ਤੁਸੀਂ ਸਾਰੇ ਨੱਚੋ।’’