ਮੀਟਿੰਗ ਦੌਰਾਨ ਧਾਮੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸਬੰਧੀ ਬਣਾਈ ਗਈ ਸੱਤ ਮੈਂਬਰੀ ਕਮੇਟੀ ਦੇ ਮਾਮਲੇ ‘ਚ ਕੀਤੀ ਗਈ ਚਰਚਾ
ਅੰਮ੍ਰਿਤਸਰ : ਆਪਣਾ ਪੰਜਾਬ ਮੀਡੀਆ : ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਵੱਲੋਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਕੱਲ੍ਹ ਮੁਲਾਕਾਤ ਕੀਤੇ ਜਾਣ ਮਗਰੋਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਬੰਦ ਕਮਰਾ ਮੀਟਿੰਗ ਕੀਤੀ ਹੈ।
ਹਾਲਾਂਕਿ, ਚਰਚਾ ਹੈ ਕਿ ਇਸ ਮੀਟਿੰਗ ਦੌਰਾਨ ਧਾਮੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸਬੰਧੀ ਬਣਾਈ ਗਈ ਸੱਤ ਮੈਂਬਰੀ ਕਮੇਟੀ ਦੇ ਮਾਮਲੇ ਵਿੱਚ ਚਰਚਾ ਕੀਤੀ ਗਈ ਹੈ।ਐਡਵੋਕੇਟ ਧਾਮੀ ਇਸ ਕਮੇਟੀ ਦੇ ਪ੍ਰਧਾਨ ਹਨ ਅਤੇ ਹੁਣ ਤੱਕ ਇਸ ਕਮੇਟੀ ਦੀ ਕੋਈ ਵੀ ਮੀਟਿੰਗ ਨਹੀਂ ਹੋਈ। ਉਧਰ, ਧਾਮੀ ਨੇ ਵੀਡੀਓ ਸੁਨੇਹੇ ਵਿਚ ਸਪਸ਼ਟ ਕੀਤਾ ਕਿ ਇਹ ਰੁਟੀਨ ਬੈਠਕ ਸੀ ਤੇ ਇਸ ਬਾਰੇ ਲਾਏ ਜਾ ਰਹੇ ਕਿਆਸ ਬੇਲੋੜੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਨੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਇਸ ਕਮੇਟੀ ਦੇ ਕਾਰਨ ਬਣ ਰਹੇ ਕਾਨੂੰਨੀ ਅੜਿੱਕੇ ਬਾਰੇ ਜਾਣੂ ਕਰਵਾਇਆ ਸੀ। ਵਫ਼ਦ ਦਾ ਕਹਿਣਾ ਸੀ ਕਿ ਅਕਾਲ ਤਖ਼ਤ ਵੱਲੋਂ ਬਣਾਈ ਗਈ ਕਮੇਟੀ ਅਕਾਲੀ ਦਲ ਦੀ ਚੋਣ ਵਿੱਚ ਕਾਨੂੰਨੀ ਤੌਰ ਤੇ ਦਖਲਅੰਦਾਜ਼ੀ ਨਹੀਂ ਕਰ ਸਕਦੀ।