ਕੈਲੀਫੋਰਨੀਆ : ਅਮਰੀਕਾ ਦੇ ਕੈਲੀਫੋਰਨੀਆ ’ਚ ਸਟੇਟ ਸੈਨੇਟ ਵੱਲੋਂ ਸਿੱਖਾਂ ਨੂੰ ਹੈਲਮੇਟ ਪਾਉਣ ਤੋਂ ਛੋਟ ਦੇਣ ਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸਿੱਖ ਕੌਮ ਲਈ ਖੁਸ਼ੀ ਦੀ ਖ਼ਬਰ ਹੈ, ਜਿਸ ਦਾ ਹੋਰਨਾਂ ਦੇਸ਼ਾਂ ਅੰਦਰ ਵੀ ਅਸਰ ਹੋਵੇਗਾ। ਉਨ੍ਹਾਂ ਕਿਹਾ ਕਿ ਦਸਤਾਰ ਸਿੱਖ ਰਹਿਣੀ ਦਾ ਅਹਿਮ ਅੰਗ ਹੈ ਅਤੇ ਸਿੱਖ ਨੂੰ ਹੈਲਮੇਟ ਪਾਉਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕੈਲੀਫੋਰਨੀਆ ਦੀ ਸੈਨੇਟ ਦੇ ਮੈਂਬਰ ਬਰੀਅਨ ਡਾਹਲ ਵੱਲੋਂ ਸਿੱਖਾਂ ਦੀ ਆਵਾਜ਼ ਨੂੰ ਸੈਨੇਟ ਵਿਚ ਪੇਸ਼ ਕਰਨ ਲਈ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਇਹ ਬਿਲ ਅਸੈਂਬਲੀ ਵਿਚ ਜਲਦ ਪਾਸ ਹੋ ਜਾਵੇਗਾ।
ਉਥੇ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੋਸ਼ ਲਾਇਆ ਕਿ ਬੀਬੀ ਜਗੀਰ ਕੌਰ ਨੇ ਆਪਣੇ ਇਕ ਵਿਵਾਦਤ ਬਿਆਨ ਨਾਲ ਜੂਨ 1984 ਦੇ ਘੱਲੂਘਾਰੇ ਦੀ ਯਾਦ ਮਨਾ ਰਹੀ ਸੰਗਤ ਦੀਆਂ ਭਾਵਨਾਵਾਂ ਨੂੰ ਗਹਿਰੀ ਸੱਟ ਮਾਰੀ ਹੈ। ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਕ ਇੰਟਰਵਿਊ ਦੌਰਾਨ ‘ਸ਼੍ਰੋਮਣੀ ਅਕਾਲੀ ਪੰਥ ਬੋਰਡ’ ਦੇ ਮੰਚ ’ਤੇ ਕਾਂਗਰਸ, ਭਾਜਪਾ ਅਤੇ ਆਮ ਆਦਮੀ ਪਾਰਟੀ ਨਾਲ ਸਬੰਧਤ ਵਿਅਕਤੀ ਨੂੰ ਸ਼੍ਰੋਮਣੀ ਕਮੇਟੀ ਚੋਣਾਂ ਲਈ ਮੌਕਾ ਦੇਣ ਦੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਘੱਲੂਘਾਰਾ ਹਫ਼ਤੇ ਦੌਰਾਨ ਸਿੱਖ ਕੌਮ ਭਾਵੁਕ ਪਲਾਂ ’ਚੋਂ ਲੰਘ ਰਹੀ ਹੈ, ਜਦੋਂਕਿ ਦੂਜੇ ਪਾਸੇ ਬੀਬੀ ਸਿੱਖ ਨਸਲਕੁਸ਼ੀ ਦੀ ਦੋਸ਼ੀ ਕਾਂਗਰਸ ਜਮਾਤ ਦਾ ਸ਼੍ਰੋਮਣੀ ਕਮੇਟੀ ਚੋਣਾਂ ਲਈ ਸਵਾਗਤ ਕਰ ਰਹੀ ਹੈ।