ਪੁਲੀਸ ਵੱਲੋਂ ਦਰਜਨਾਂ ਥਾਵਾਂ ’ਤੇ ਕਿਸਾਨਾਂ ਦੇ ਧਰਨੇ ਨਾਕਾਮ
ਚੰਡੀਗੜ੍ਹ : ਆਪਣਾ ਪੰਜਾਬ ਮੀਡੀਆ : ਪੁਲੀਸ ਵੱਲੋਂ ਕਿਸਾਨਾਂ ਦੇ ਆਰਜ਼ੀ ਟਿਕਾਣੇ ਅਤੇ ਵਾਹਨ ਹਟਾਉਣ ਮਗਰੋਂ ਕਰੀਬ ਚਾਰ ਸੌ ਦਿਨਾਂ ਬਾਅਦ ਕੌਮੀ ਰਾਜ ਮਾਰਗ-19 ’ਤੇ ਸ਼ੰਭੂ ਬਾਰਡਰ ਤੋਂ ਅੱਜ ਸ਼ਾਮ ਅੰਤਰਰਾਜੀ ਸੜਕੀ ਆਵਾਜਾਈ ਬਹਾਲ ਹੋ ਗਈ ਹੈ ਜਦੋਂਕਿ ਖਨੌਰੀ ਬਾਰਡਰ ਤੋਂ ਭਲਕੇ ਸ਼ਾਮ ਤੱਕ ਆਵਾਜਾਈ ਮੁੜ ਸ਼ੁਰੂ ਹੋਣ ਦੀ ਸੰਭਾਵਨਾ ਹੈ। ਹਰਿਆਣਾ ਸਰਕਾਰ ਨੇ ਅੱਜ ਦਿਨ ਚੜ੍ਹਦੇ ਹੀ ਘੱਗਰ ’ਤੇ ਲਾਈਆਂ ਰੋਕਾਂ ਨੂੰ ਹਟਾਉਣਾ ਸ਼ੁਰੂ ਕੀਤਾ ਅਤੇ ਕੰਕਰੀਟ ਦੇ ਬੈਰੀਕੇਡ ਹਟਾ ਦਿੱਤੇ। ਅੰਬਾਲਾ ਪ੍ਰਸ਼ਾਸਨ ਨੇ ਆਪਣੇ ਪਾਸਿਓਂ ਰਸਤਾ ਸਾਫ਼ ਕੀਤਾ। ਦੂਸਰੀ ਤਰਫ਼ ਸੰਗਰੂਰ ਦੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਕੌਮੀ ਰਾਜ ਮਾਰਗ-52 ’ਤੇ ਖਨੌਰੀ ਬਾਰਡਰ ਤੋਂ ਆਵਾਜਾਈ ਭਲਕੇ ਸ਼ਾਮ ਤੱਕ ਮੁੜ ਬਹਾਲ ਹੋ ਜਾਵੇਗੀ। ਚੇਤੇ ਰਹੇ ਕਿ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪਿਛਲੇ ਸਾਲ 13 ਫਰਵਰੀ ਤੋਂ ਕਿਸਾਨੀ ਮੰਗਾਂ ਨੂੰ ਲੈ ਕੇ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਮੋਰਚਾ ਸ਼ੁਰੂ ਕੀਤਾ ਸੀ। ਕਰੀਬ 400 ਦਿਨਾਂ ਤੱਕ ਅੰਤਰਰਾਜੀ ਆਵਾਜਾਈ ਪੂਰੀ ਤਰ੍ਹਾਂ ਠੱਪ ਰਹੀ ਸੀ।